ਬਟਾਲਾ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਸਮਾਜ ਸੇਵੀ ਸੰਸਥਾਵਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਮਿਲਾਇਆ
ਕੂੜੇ ਦੀ ਡੋਰ ਟੂ ਡੋਰ ਕੁਲੈਕਸ਼ਨ ਲਈ ਨਗਰ ਨਿਗਮ ਨੇ 110 ਹੋਰ ਸਫ਼ਾਈ ਕਰਮੀ ਰੱਖੇ
ਬਟਾਲਾ, 6 ਦਸੰਬਰ ( ਅਸ਼ੋਕ ਜੜੇਵਾਲ) - ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਇਤਿਹਾਸਕ ਸ਼ਹਿਰ ਬਟਾਲਾ ਨੂੰ ਸਫ਼ਾਈ ਪੱਖੋਂ ਖੂਬਸੂਰਤ ਬਣਾਉਣ ਲਈ ਯਤਨ ਲਗਾਤਾਰ ਜਾਰੀ ਹਨ। ਪ੍ਰਸ਼ਾਸਨ ਵੱਲੋਂ ਜਿਥੇ ਸ਼ਹਿਰ ਵਾਸੀਆਂ ਨੂੰ ਕੂੜੇ ਦੀ ਸੈਗਰੀਗੇਸ਼ਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਓਥੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਪ੍ਰੇਰਨਾ ਸਦਕਾ ਇਨਰਵੀਲ ਕਲੱਬ, ਲਾਇਨਸ ਕਲੱਬ, ਰੋਟਰੀ ਕਲੱਬ, ਸਿਵਲ ਡਿਫੈਂਸ, ਸਹਾਰਾ ਕਲੱਬ, ਜਨ ਕਲਿਆਣ ਸੁਸਾਇਟੀ, ਸੁਖਮਨੀ ਸੇਵਾ ਸੁਸਾਇਟੀ, ਆਸ ਫਾਊਂਡੇਸ਼ਨ, ਹਿਮਾਲਿਆ ਪਰਿਵਾਰ, ਬੁਲੰਦ ਭਾਰਤ, ਆਰਟਿਸਟ ਵੈਲਫੇਅਰ ਸੁਸਾਇਟੀ ਵਰਗੀਆਂ ਸ਼ਹਿਰ ਦੀਆਂ ਨਾਮੀ ਸੇਵਾ ਸੰਸਥਾਵਾਂ ਬਟਾਲਾ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਆਪਣੀਆਂ ਸੇਵਾਵਾਂ ਦੇਣ ਲਈ ਅੱਗੇ ਆਈਆਂ ਹਨ। ਬਟਾਲਾ ਸ਼ਹਿਰ ਦੀਆਂ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੇ ਜਿਥੇ ਖੁਦ ਆਪਣੇ ਘਰਾਂ ਦੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਅਤੇ ਗਿੱਲੇ ਕੂੜੇ ਦੀ ਕੰਪੋਸਟ ਖਾਦ ਬਣਾਉਣ ਦਾ ਅਹਿਦ ਲਿਆ ਹੈ ਓਥੇ ਸ਼ਹਿਰ ਵਾਸੀਆਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਦਾ ਤਹੱਈਆ ਕੀਤਾ ਹੈ।ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ ਸਾਰਿਆਂ ਦਾ ਸਾਂਝਾ ਫਰਜ ਹੈ ਅਤੇ ਬਟਾਲਾ ਵਾਸੀਆਂ ਵੱਲੋਂ ‘ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ’ ਮੁਹਿੰਮ ਵਿੱਚ ਬੜਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਬਟਾਲਾ ਸ਼ਹਿਰ ਬਹੁਤ ਜਲਦੀ ਕੂੜਾ ਤੇ ਡੰਪ ਮੁਕਤ ਸ਼ਹਿਰ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਕੰਪੋਸਟ ਪਿਟਸ ਤਿਆਰ ਕੀਤੀਆਂ ਗਈਆਂ ਹਨ ਅਤੇ ਹੁਣ ਮੁਹੱਲਿਆਂ ਵਿੱਚ ਕੰਪੋਸਟ ਡਰੰਮ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗਿੱਲੇ ਕੂੜੇ ਤੋਂ ਕੰਪੋਸਟ ਖਾਦ ਤਿਆਰ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਘਰਾਂ ਵਾਸਤੇ ਛੋਟੇ ਡਰੰਮ ਵੰਡੇ ਜਾ ਰਹੇ ਹਨ ਤਾਂ ਜੋ ਲੋਕ ਆਪਣੇ ਘਰਾਂ ਵਿੱਚ ਕੂੜੇ ਤੋਂ ਖਾਦ ਬਣਾ ਕੇ ਕੂੜੇ ਦਾ ਨਿਪਟਾਰਾ ਕਰ ਸਕਣ। ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵਿੱਚ 115 ਦੇ ਕਰੀਬ ਪੱਕੇ ਸਫ਼ਾਈ ਕਰਮੀ ਕੰਮ ਕਰ ਰਹੇ ਹਨ ਜਦਕਿ 206 ਕੱਚੇ ਸਫ਼ਾਈ ਕਰਮੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਘਰ ਤੋਂ ਕੂੜੇ ਦੀ ਡੋਰ-ਟੂ-ਡੋਰ ਕੁਲੈਕਸ਼ਨ ਲਈ 110 ਹੋਰ ਸਫ਼ਾਈ ਕਰਮੀ ਰੱਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਸ਼ਹਿਰੀ ਨੂੰ ਡੰਪ ’ਤੇ ਕੂੜਾ ਸੁੱਟਣ ਜਾਣ ਦੀ ਜਰੂਰਤ ਨਹੀਂ ਹੈ ਕਿਉਂਕਿ ਸਫ਼ਾਈ ਕਰਮੀ ਉਨ੍ਹਾਂ ਦੇ ਘਰ ਤੋਂ ਹੀ ਕੂੜਾ ਲੈ ਕੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਲੈਣ ਆਏ ਸਫ਼ਾਈ ਕਰਮੀਆਂ ਨੂੰ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਦੇਣ ਤਾਂ ਜੋ ਕੂੜੇ ਦਾ ਨਿਪਟਾਰਾ ਅਸਾਨੀ ਨਾਲ ਕੀਤਾ ਜਾ ਸਕੇ। ਕਮਿਸ਼ਨਰ ਨਗਰ ਨਿਗਮ ਨੇ ਸਮੂਹ ਬਟਾਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਨੂੰ ਸਾਫ਼ ਰੱਖਣ ਦੇ ਇਸ ਨੇਕ ਕਾਰਜ ਵਿੱਚ ਹਰ ਸ਼ਹਿਰੀ ਨੂੰ ਸਹਿਯੋਗ ਕਰੇ।
Pragati media ashok jrewal di report batala
COMMENTS