ਬਟਾਲਾ ਸ਼ਹਿਰ ਦੇ ਸਦੀਆਂ ਇਤਿਹਾਸ ਤੋਂ ਰੂ-ਬ-ਰੂ ਕਰਵਾਏਗੀ ‘ਬਟਾਲਾ ਹੈਰੀਟੇਜ਼ ਵਾਕ’
ਇਸ ਐਤਵਾਰ ਨੂੰ ਬਟਾਲਾ ਸ਼ਹਿਰ ਵਿੱਚ ਸ਼ੁਰੂ ਹੋਵੇਗੀ ‘ਬਟਾਲਾ ਹੈਰੀਟੇਜ਼ ਵਾਕ’ - ਡਿਪਟੀ ਕਮਿਸ਼ਨਰ
ਬਟਾਲਾ ਤੇ ਗੁਰਦਾਸਪੁਰ ਤੋਂ ਮੁਫ਼ਤ ਯਾਤਰੂ ਬੱਸਾਂ ਵੀ ਪਹਿਲਾਂ ਦੀ ਤਰ੍ਹਾਂ ਚੱਲਣਗੀਆਂ
ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਵੱਲੋਂ ਜਲਦੀ ਹੀ ਅੰਮ੍ਰਿਤਸਰ ਤੋਂ ਵੀ ਚਲਾਈ ਜਾਵੇਗੀ ਮੁਫ਼ਤ ਬੱਸ
ਬਟਾਲਾ, 19 ਫਰਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ/ਵਿੱਕੀ /ਪੱਡਾ) - ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਬਟਾਲਾ ਸ਼ਹਿਰ ਦੀ ਧਾਰਮਿਕ ਤੇ ਇਤਿਹਾਸਕ ਵਿਰਾਸਤ ਨੂੰ ਉਜਾਗਰ ਕਰਨ ਲਈ ਇੱਕ ਹੋਰ ਨਵਾਂ ਉਪਰਾਲਾ ਕਰਦਿਆਂ ਇਸ ਐਤਵਾਰ 21 ਫਰਵਰੀ ਤੋਂ ‘ਬਟਾਲਾ ਹੈਰੀਟੇਜ਼ ਵਾਕ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਇਹ ਆਪਣੀ ਕਿਸਮ ਦੀ ਪਹਿਲੀ ਹੈਰੀਟੇਜ ਵਾਕ ਹੋਵੇਗੀ ਜਿਸ ਰਾਹੀਂ ਸਦੀਆਂ ਦੇ ਇਤਿਹਾਸ ਨੂੰ ਰੂ-ਬ-ਰੂ ਕਰਵਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ 1465 ਵਿੱਚ ਵਸਿਆ ਬਟਾਲਾ ਸ਼ਹਿਰ ਪੰਜਾਬ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇਹ ਸ਼ਹਿਰ ਵੱਡੀਆਂ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਆਏ ਸਨ ਅਤੇ ਇਸ ਤੋਂ ਇਲਾਵਾ ਬਟਾਲਾ ਸ਼ਹਿਰ ਦਾ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਨਾਲ ਸਬੰਧ ਰਿਹਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਆਪਣੀ ਬੁੱਕਲ ਵਿੱਚ ਬੜਾ ਕੀਮਤੀ ਇਤਿਹਾਸ ਸਮੋਈ ਬੈਠਾ ਹੈ, ਜਿਸ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਘੱਟ ਵਾਕਫ਼ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਨੂੰ ਰੂਪਮਾਨ ਕਰਨ ਲਈ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਗੁਰਦਾਸਪੁਰ ਵੱਲੋਂ ਇਸ ਐਤਵਾਰ ਤੋਂ ‘ਬਟਾਲਾ ਹੈਰੀਟੇਜ਼ ਵਾਕ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੋ ਕਿ ਹਰ ਹਫ਼ਤੇ ਐਤਵਾਰ ਨੂੰ ਹੋਇਆ ਕਰੇਗੀ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਇੱਕ ਗਾਈਡ ਵੱਖ-ਵੱਖ ਸਥਾਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਏਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਬਟਾਲਾ ਹੈਰੀਟੇਜ਼ ਵਾਕ’ ਦੀ ਸ਼ੁਰੂਆਤ ਐਤਵਾਰ ਨੂੰ ਸਵੇਰੇ 9:30 ਵਜੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪੈਦਲ ਯਾਤਰਾ ਸਭ ਤੋਂ ਪਹਿਲਾਂ ਬੇਰਿੰਗ ਕਾਲਜ ਵਿਖੇ ਜਾਵੇਗੀ ਜਿਥੇ ਇਤਿਹਾਸਕ ਚਰਚ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਦੇ ਦਰਸ਼ਨ ਕਰੇਗੀ। ਇਸ ਤੋਂ ਬਾਅਦ ਵੱਡੇ ਤਲਾਬ ਵਿਚਲੇ ਜਲ ਮਹਿਲ (ਬਾਰਾਂਦਰੀ) ਅਤੇ ਸ਼ਮਸ਼ੇਰ ਖਾਨ ਦੇ ਮਕਬਰੇ ਨੂੰ ਦਿਖਾਇਆ ਜਾਵੇਗਾ ਅਤੇ ਇਸਦੇ ਇਤਿਹਾਸ ਬਾਰੇ ਰੌਸ਼ਨੀ ਪਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਾਅਦ ਇਹ ਪੈਦਲ ਯਾਤਰਾ ਪਹਾੜੀ ਗੇਟ ਰਾਹੀਂ ਹੁੰਦੀ ਹੋਈ ਬਾਂਸਾ ਵਾਲੇ ਬਜ਼ਾਰ ਵਿੱਚ ਸਿੱਖ ਮਿਸਲਾਂ ਦੇ ਦੌਰ ਦੀ ਗੋਲ ਹਵੇਲੀ ਨੂੰ ਦੇਖੇਗੀ। ਇਸ ਤੋਂ ਬਾਅਦ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਸ੍ਰੀ ਕਾਲੀ ਦੁਆਰਾ ਮੰਦਰ ਦੇ ਦਰਸ਼ਨ ਕਰੇਗੀ। ਇਸ ਉਪਰੰਤ ਇਹ ਪੈਦਦਲ ਯਾਤਰਾ ਬਟਾਲਾ ਸ਼ਹਿਰ ਦੇ ਮਸ਼ਹੂਰ ਚੱਕਰੀ ਬਜ਼ਾਰ ਵਿਚੋਂ ਲੰਘਦੀ ਹੋਈ ਪੁਰਾਤਨ ਸ਼ੇਰਾਂ ਵਾਲੇ ਦਰਵਾਜ਼ੇ ਪਹੁੰਚੇਗੀ ਅਤੇ ਇਸ ਗੇਟ ਨੂੰ ਦੇਖੇਗੀ। ਇਸ ਤੋਂ ਬਾਅਦ ਸੰਨ 1883 ਵਿੱਚ ਬਣੀ ਬਟਾਲਾ ਦੀ ਪਹਿਲੀ ਚਰਚ ਇਪਫਨੀ ਦੇ ਦਰਸ਼ਨ ਕਰੇਗੀ ਅਤੇ ਨਾਲ ਹੀ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਵਿਖੇ ਵੀ ਨਤਮਸਤਕ ਹੋਵੇਗੀ। ਉਨ੍ਹਾਂ ਦੱਸਿਆ ਕਿ ਪੈਦਲ ਯਾਤਰਾ ਦਾ ਅਗਲਾ ਪੜਾਅ ਆਰ.ਆਰ. ਬਾਵਾ ਕਾਲਜ ਲਾਗੇ ਹੰਸਲੀ ਪੁੱਲ ਦੇ ਕਿਨਾਰੇ ਬਣੀ ਪੁਰਾਣੀ ਇਮਾਰਤ ਦਾ ਹੋਵੇਗਾ। ਇਸਦੇ ਨਾਲ ਹੀ 1971 ਡੇਰਾ ਬਾਬਾ ਨਾਨਕ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੀ ਸ਼ਹੀਦੀ ਸਮਾਰਕ ਅਤੇ ਦੈਨਿਕ ਪ੍ਰਾਥਨਾ ਸਭਾ ਵੱਲੋਂ ਬਣਾਈ ਸ਼ਹੀਦੀ ਫੋਟੋ ਗੈਲਰੀ ਅਤੇ ਸਤੀ ਲਕਸ਼ਮੀ ਸਮਾਧ ਦੇ ਦਰਸ਼ਨ ਕਰਵਾਏ ਜਾਣਗੇ। ਇਸ ਉਪਰੰਤ ਇਹ ਯਾਤਰਾ ਵਾਪਸ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਖਤਮ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਟਾਲਾ ਹੈਰੀਟੇਜ਼ ਵਾਕ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਟਾਲਾ ਇੰਦਰਜੀਤ ਸਿੰਘ ਨਾਲ ਉਨ੍ਹਾਂ ਦੇ ਨੰਬਰ 98155-77574 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਬਟਾਲਾ ਅਤੇ ਗੁਰਦਾਸਪੁਰ ਸਰਕਟ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਚਲਾਈਆਂ ਜਾ ਰਹੀਆਂ ਬੱਸਾਂ ਵੀ ਹਰ ਐਤਵਾਰ ਬਟਾਲਾ ਤੇ ਗੁਰਦਾਸਪੁਰ ਤੋਂ ਪਹਿਲਾਂ ਦੀ ਤਰ੍ਹਾਂ ਚੱਲਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਗੁਰਦਾਸਪੁਰ ਵੱਲੋਂ ਜਲਦੀ ਹੀ ਇੱਕ ਹੋਰ ਬੱਸ ਅੰਮ੍ਰਿਤਸਰ ਤੋਂ ਵੀ ਚਲਾਈ ਜਾ ਰਹੀ ਹੈ ਜੋ ਓਥੇ ਆਏ ਦੇਸ਼ ਵਿਦੇਸ਼ ਦੇ ਯਾਤਰੂਆਂ ਨੂੰ ਮੁਫ਼ਤ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਥਾਨਾਂ ਦੇ ਦਰਸ਼ਨ ਕਰਵਾਏਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਭ ਦਾ ਮਕਸਦ ਜ਼ਿਲ੍ਹੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨਾ ਹੈ ਤਾਂ ਜੋ ਜ਼ਿਲ੍ਹੇ ਦੀ ਵਿਰਾਸਤ ਨੂੰ ਜਾਨਣ ਦੇ ਨਾਲ ਇਥੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਣ।
COMMENTS