ਪੰਜਾਬ ਸਰਕਾਰ 1377 ਹੋਰ ਸਕੂਲਾਂ ਨੂੰ ਕਰੇਗੀ ਸਮਾਰਟ ਸਕੂਲਾਂ ਵਿੱਚ ਤਬਦੀਲ : ਵਿਧਾਇਕ ਬਾਜਵਾ
ਇਨਾਂ ਸਕੂਲਾਂ ਦੀ ਡਿਜੀਟਾਈਜੇਸ਼ਨ ’ਤੇ ਖਰਚੇ ਜਾਣਗੇ 357.34 ਕਰੋੜ ਰੁਪਏ - ਬਾਜਵਾ
ਬਟਾਲਾ, 6 ਦਸੰਬਰ ( ਅਸ਼ੋਕ ਜੜੇਵਾਲ ) - ਸੂਬਾ ਸਰਕਾਰ ਵੱਲੋਂ ਜਲਦੀ ਹੀ ਰਾਜ ਦੇ 1377 ਹੋਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਇਨਾਂ ਸਕੂਲਾਂ ਦੀ ਡਿਜੀਟਾਈਜੇਸ਼ਨ ’ਤੇ 357.34 ਕਰੋੜ ਰੁਪਏ ਖਰਚੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਹੁਣ ਤੱਕ ਸੂਬੇ ਦੇ 7,823 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਨਿਰੰਤਰ ਸੁਧਾਰ ਕਰਕੇ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਦੇ ਕੁੱਲ 19130 ਸਰਕਾਰੀ ਸਕੂਲਾਂ ਵਿੱਚੋਂ 41 ਫੀਸਦੀ ਸਕੂਲ ਪਹਿਲਾਂ ਹੀ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ ਅਤੇ ਪੰਜਾਬ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਸਾਰੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦਾ ਟੀਚਾ ਮਿੱਥਿਆ ਹੈ।ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਕੁੱਲ 1377 ਸਕੂਲਾਂ ਵਿੱਚੋਂ 817 ਪੇਂਡੂ ਖੇਤਰਾਂ ਅਤੇ 560 ਰਾਜ ਦੇ ਸ਼ਹਿਰੀ ਖੇਤਰਾਂ ਨਾਲ ਸਬੰਧਤ ਹਨ, ਜਿੱਥੇ ਸਿੱਖਿਆ ਵਿਭਾਗ ਨੇ ਕ੍ਰਮਵਾਰ 209.77 ਕਰੋੜ ਰੁਪਏ ਅਤੇ 147.56 ਕਰੋੜ ਰੁਪਏ ਖਰਚਣ ਦੀ ਯੋਜਨਾ ਬਣਾਈ ਹੈ। ਉਨਾਂ ਦੱਸਿਆ ਕਿ ਇਨਾਂ ਸਕੂਲਾਂ ਵਿੱਚੋਂ 605 ਪ੍ਰਾਇਮਰੀ ਸਕੂਲ, 80 ਮਿਡਲ, 159 ਹਾਈ ਸਕੂਲ ਅਤੇ ਬਾਕੀ 533 ਸੀਨੀਅਰ ਸੈਕੰਡਰੀ ਸਕੂਲ ਹਨ। ਉਨਾਂ ਕਿਹਾ ਕਿ ਇਨਾਂ 1377 ਸਕੂਲਾਂ ਦੀ ਨਵੀਨੀਕਰਨ ਪ੍ਰਕਿਰਿਆ ਇਸ ਵਿੱਤੀ ਸਾਲ ਦੇ ਅੰਦਰ ਮੁਕੰਮਲ ਕਰ ਲਈ ਜਾਵੇਗੀ।
ਸ. ਬਾਜਵਾ ਨੇ ਦੱਸਿਆ ਕਿ ਅਪਗ੍ਰੇਡੇਸ਼ਨ ਪ੍ਰਕਿਰਿਆ ਦੌਰਾਨ ਇਨਾਂ ਸਕੂਲਾਂ ਵਿੱਚ ਵਾਧੂ ਕਲਾਸਰੂਮ, ਸੰਗਠਿਤ ਸਾਇੰਸ ਲੈਬਾਂ, ਲਾਇਬ੍ਰੇਰੀਆਂ, ਡਿਊਲ ਡੈਸਕ, ਮੁੰਡਿਆਂ ਅਤੇ ਕੁੜੀਆਂ ਲਈ ਵੱਖਰੇ-ਵੱਖਰੇ ਪਖਾਨੇ, ਪੀਣ ਯੋਗ ਪਾਣੀ ਦੀ ਸੁਵਿਧਾ, ਉੱਚੀਆਂ ਚਾਰਦਿਵਾਰੀਆਂ, ਗਰੀਨ ਬੋਰਡ, ਪ੍ਰੋਜੈਕਟਰਾਂ, ਮਿਡ-ਡੇਅ-ਮੀਲ ਲਈ ਖਾਣਾ ਖਾਣ ਵਾਲੀ ਥਾਂ ਅਤੇ ਕਲਰ ਕੋਡਿੰਗ ਵਰਗੀਆਂ ਸਹੂਲਤਾਂ ਦੀ ਵਿਵਸਥਾ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਨਾਂ ਸਕੂਲਾਂ ਲਈ ਲੋੜੀਂਦੇ ਕੰਮਾਂ ਲਈ ਵਿਸ਼ੇਸ਼ ਮੁਰੰਮਤ ਅਤੇ ਰੱਖ-ਰਖਾਅ ਦਾ ਬਜਟ ਵੀ ਰੱਖਿਆ ਜਾਵੇਗਾ।
Pragati media repoter ashok kumar baala di report
COMMENTS