ਬੇਰੁਜ਼ਗਾਰ ਸਾਂਝੇ ਮੋਰਚੇ ਨੇ ਤਹਿਸੀਲਦਾਰ ਰਾਹੀਂ ਸਰਕਾਰ ਨੂੰ ਭੇਜਿਆ ਮੰਗ ਪੱਤਰ
ਅਮ੍ਰਿੰਤਸਰ,14 ਫਰਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਕਿਸਾਨੀ ਸੰਯੁਕਤ ਮੋਰਚੇ ਦੀ ਤਰਜ਼ ਤੇ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ (ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ,ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਬੇਰੁਜ਼ਗਾਰ ਪੀ ਟੀ ਆਈ 646 ਅਧਿਆਪਕ ਯੂਨੀਅਨ,ਆਲ ਪੰਜਾਬ 873 ਬੇਰੁਜ਼ਗਾਰ ਡੀ ਪੀ ਈ ਅਧਿਆਪਕ ਅਤੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ )ਨੇ " ਬੇਰੁਜ਼ਗਾਰ ਸਾਂਝਾ ਮੋਰਚਾ "ਬਣਾ ਕੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਆਰੰਭਿਆ ਹੋਇਆ ਹੈ।ਬੇਰੁਜ਼ਗਾਰ ਸਾਂਝਾ ਮੋਰਚਾ 31 ਦਸੰਬਰ ਤੋਂ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਦੇ ਐਨ ਗੇਟ ਉੱਤੇ ਪੱਕਾ ਮੋਰਚਾ ਲਗਾ ਕੇ ਬੈਠਾ ਹੈ।ਮੋਰਚੇ ਵੱਲੋ ਲਏ ਗਏ ਫੈਸਲੇ ਅਨੁਸਾਰ ਪੰਜਾਬ ਦੇ ਸਮੂਹ ਤਹਿਸੀਲਦਾਰਾਂ ਰਾਹੀਂ ਪੰਜਾਬ ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾਉਣ ਦੀ ਲੜੀ ਤਹਿਤ ਹੀ ਸਥਾਨਕ ਤਹਿਸੀਲਦਾਰ ਨੂੰ ਮੋਰਚੇ ਵੱਲੋ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੋਰਚੇ ਦੇ ਆਗੂ ਗਗਨਦੀਪ ਸਿੰਘ ਸਹਿਣੇ ਵਾਲੀ ਨੇ ਕਿਹਾ ਕਿ ਇੱਕ ਪਾਸੇ ਕਰੀਬ 40 ਦਿਨਾਂ ਤੋ ਸਿੱਖਿਆ ਮੰਤਰੀ ਦੇ ਗੇਟ ਉੱਤੇ ਬੈਠੇ ਬੇਰੁਜ਼ਗਾਰਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਕਿਸਾਨੀ ਹਮਦਰਦ ਹੋਣ ਦਾ ਡਰਾਮਾ ਕਰਦੇ ਹਨ ਜਦਕਿ ਖੁਦ ਸੂਬਾ ਸਰਕਾਰ ਬੇਰੁਜ਼ਗਾਰੀ ਭੱਤਾ ਅਤੇ ਘਰ ਘਰ ਰੁਜ਼ਗਾਰ ਦਾ ਵਾਅਦਾ ਕਰਕੇ ਮੁੱਕਰ ਚੁੱਕੀ ਹੈ।ਬੇਰੁਜ਼ਗਾਰ ਮੋਰਚੇ ਵੱਲੋਂ 31 ਜਨਵਰੀ ਦੇ ਵਿਸ਼ਾਲ ਇਕੱਠ ਨਾਲੋ ਕਿਤੇ ਵੱਡਾ ਇਕੱਠ 28 ਫਰਵਰੀ ਨੂੰ ਸੰਗਰੂਰ ਕੀਤਾ ਜਾਵੇਗਾ।ਜਿਸਦੀ ਸਫਲਤਾ ਲਈ ਵਿਧਾਨ ਸਭਾ ਹਲਕਾ ਸੰਗਰੂਰ ਸਮੇਤ ਪੂਰੇ ਪੰਜਾਬ ਵਿੱਚ ਨਾਹਰੇ ਲਿਖਣ ਅਤੇ ਅਰਥੀਆਂ ਫੂਕਣ ਦੀ ਮੁਹਿੰਮ ਜਾਰੀ ਹੈ।ਇਸ ਮੌਕੇ ਅਰਵਿੰਦਰ ਸਿੰਘ,ਪ੍ਰੇਮ ਸਿੰਘ ਅਤੇ ਚੰਦਰ ਮੋਹਨ ਆਦਿ ਵੀ ਹਾਜ਼ਰ ਸਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS