ਬਟਾਲਾ ਪੁਲੀਸ ਨੇ 375 ਪੇਟੀਆਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ
ਬਟਾਲਾ, 10 ਫਰਵਰੀ ( ਅਸ਼ੋਕ ਜੜੇਵਾਲ ਨੀਰਜ ਸ਼ਰਮਾ) - ਚੋਣਾਂ ਦੌਰਾਨ ਨਸ਼ੇ ਦੀ ਵਰਤੋਂ ਨੂੰ ਰੋਕਣ ਲਈ ਬਟਾਲਾ ਪੁਲਿਸ ਵੱਲੋਂ ਵਿਸ਼ੇਸ਼ ਮੁਸ਼ਤੈਦੀ ਵਰਤੀ ਜਾ ਰਹੀ ਹੈ। ਬਟਾਲਾ ਪੁਲੀਸ ਨੇ ਨਾਕੇਬੰਦੀ ਦੌਰਾਨ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਉਕਤ ਸ਼ਰਾਬ ਦੀਆਂ ਪੇਟੀਆਂ ਇੱਕ ਟਰੈਕਰਟ-ਟਰਾਲੀ ਵਿੱਚ ਰੱਖੀਆਂ ਹੋਈਆਂ ਸਨ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਦੀਆਂ 375 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੁਲੀਸ ਨੇ ਟਰੈਕਟਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਰਿਵਾਲਵਰ ਅਤੇ 10 ਕਾਰਤੂਸ ਵੀ ਬਰਾਮਦ ਕੀਤੇ ਹਨ।
ਐਸ.ਐਸ.ਪੀ ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪੁਲੀਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਸੀ ਜਿਸ ਦੇ ਤਹਿਤ ਬਟਾਲਾ ਪੁਲੀਸ ਨੇ ਨਾਕੇਬੰਦੀ ਦੌਰਾਨ ਪਿੰਡ ਕੋਹਾਲੀ ਦੇ ਨੇੜੇ ਇੱਕ ਟਰੈਕਟਰ-ਟਰਾਲੀ ਨੂੰ ਰੋਕ ਕੇ ਜਦ ਟਰਾਲੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਅੰਗਰੇਜੀ ਸ਼ਰਾਬ ਦੀਆਂ 375 ਨਾਜਾਇਜ਼ ਪੇਟੀਆਂ ਬਰਾਮਦ ਹੋਈਆਂ ਅਤੇ ਟਰੈਕਟਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਇੱਕ ਰਿਵਾਲਵਰ ਅਤੇ 10 ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਥਾਣਾ ਘੁਮਾਣ ਵਿਖੇ ਮਹਿਕਦੀਪ ਸਿੰਘ ਅਤੇ ਗੁਰਬਾਜ਼ ਸਿੰਘ ਵਾਸੀ ਬਰਿਆਰ ਅਤੇ ਹਰਬੀਰ ਸਿੰਘ ਵਾਸੀ ਸੇਖਵਾਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਐੱਸ.ਪੀ. ਹੈੱਡਕੁਆਟਰ ਗੁਰਪ੍ਰੀਤ ਸਿੰਘ, ਐੱਸ.ਪੀ. ਜਗਵਿੰਦਰਜੀਤ ਸਿੰਘ, ਡੀ.ਐੱਸ.ਪੀ. ਪਰਵਿੰਦਰ ਕੌਰ, ਡੀ.ਐੱਸ.ਪੀ. ਹਰਕ੍ਰਿਸ਼ਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
COMMENTS