ਕੋਰੋਨਾ ਤੋਂ ਬਚਣ ਲਈ ਮਾਸਕ ਜਰੂਰ ਲਗਾਇਆ ਜਾਵੇ - ਡਾ. ਭੱਲਾ
ਬਟਾਲਾ, 4 ਜਨਵਰੀ ( ਅਸ਼ੋਕ ਜੜੇਵਾਲ ਨੀਰਜ ਸ਼ਰਮਾ) - ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜਰੂਰ ਲਗਾਉਣ। ਉਨ੍ਹਾਂ ਕਿਹਾ ਕਿ ਕੋਵਿਡ-19 ਨੂੰ ਹਲਕੇ ਵਿੱਚ ਨਾ ਲਿਆ ਜਾਵੇ ਕਿਉਂਕਿ ਇਹ ਇੱਕ ਖਤਰਨਾਕ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਸਕ ਲਗਾਉਣ ਦੇ ਨਾਲ ਸ਼ੋਸਲ ਡਿਸਟੈਂਸ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇ। ਉਨਾਂ ਕਿਹਾ ਕਿ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਚੰਗੀ ਤਰਾਂ ਧੋਣਾ ਚਾਹੀਦਾ ਹੈ ਅਤੇ ਅਜਿਹੀਆਂ ਸਾਵਧਾਨੀਆਂ ਵਰਤ ਕੇ ਅਸੀਂ ਕੋਰੋਨਾ ਵਾਇਰਸ ਤੋਂ ਬਚ ਸਕਦੇ ਹਾਂ।
ਡਾ. ਭੱਲਾ ਨੇ ਅੱਗੇ ਕਿਹਾ ਕਿ ਸਮੇਂ ਸਿਰ ਕੋਰੋਨਾ ਟੈਸਟ ਕਰਵਾ ਕੇ ਆਪਣੀ, ਆਪਣੇ ਪਰਿਵਾਰ ਤੇ ਸਮਾਜ ਦੀ ਤੰਦਰੁਸਤੀ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਜੇਕਰ ਕੋਰੋਨਾ ਬਿਮਾਰੀ ਦੇ ਲੱਛਣ, ਜਿਵੇਂ ਬੁਖਾਰ ਹੋਣਾ, ਗਲਾ ਖਰਾਬ ਹੋਣਾ, ਥਕਾਵਟ ਮਹਿਸੂਸ ਹੋਣੀ ਜਾਂ ਜੁਕਾਮ ਆਦਿ ਹੋਵੇ ਤਾਂ ਕੋਰੋਨਾ ਟੈਸਟ ਕਰਵਾਉਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਬਟਾਲਾ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਕੈਂਪ ਲਗਾ ਕੇ ਕੋਰੋਨਾ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਡਾ. ਭੱਲਾ ਨੇ ਅੱਗੇ ਕਿਹਾ ਕਿ ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਕੋਰੋਨਾ ਬਿਮਾਰੀ ਦਾ ਮੁੱਢਲੀ ਸਟੇਜ ਤੇ ਪਤਾ ਲੱਗ ਜਾਵੇ ਤਾਂ ਇਸ ਉਪਰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਅਗਲੇ ਦਿਨਾਂ ਵਿਚ ਜਿਨਾਂ ਚਿਰ ਤਕ ਕੋਰੋਨਾ ਬਿਮਾਰੀ ਵਿਰੁੱਧ ਵੈਕਸੀਨ ਨਹੀਂ ਆ ਜਾਂਦੀ, ਉਨਾਂ ਚਿਰ ਤਕ ਹੋਰ ਸੁਚੇਤ ਹੋ ਕੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿਚ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਤੇ ਸਾਵਧਾਨੀਆਂ ਦੀ ਲਾਜ਼ਮੀ ਤੌਰ ਤੇ ਪਾਲਣਾ ਕੀਤੀ ਜਾਵੇ।
Pragati media ashok jrewal di report
Any quiry:-9816907313, 8360921958
COMMENTS