ਸੰਧੂ ਰਣੀਕੇ ਵੱਲੋਂ ਅੰਮ੍ਰਿਤਸਰ ਦੇ ਕਿਸਾਨਾਂ ਨੂੰ ਵੱਧ-ਚੜ੍ਹ ਕੇ ਦਿੱਲੀ ਅੰਦੋਲਨ ‘ਚ ਪਹੁੰਚਣ ਦੀ ਅਪੀਲ,
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨੀ ਅੰਦੋਲਨ ‘ਚ ਫੂਕੀ ਨਵੀਂ ਰੂਹ
ਅਮ੍ਰਿੰਤਸਰ,8 ਫਰਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ‘ਤੇ ਆਪਣੇ ਪਰਿਵਾਰ ਸਮੇਤ ਪਿਛਲੇ ਇਕ ਮਹੀਨੇ ਤੋਂ ਡੇਰੇ ਲਾਈ ਬੈਠੇ ਮਾਝੇ ਦੇ ਉੱਘੇ ਸਮਾਜ ਸੇਵਕ ਅਤੇ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਸ. ਪੂਰਨ ਸਿੰਘ ਸੰਧੂ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇ ਕਿ ਪੰਜਾਬ ਦੇ 22 ਜ਼ਿਿਲ੍ਹਆ ਤੋਂ ਕਿਸਾਨ ਅਤੇ ਨੋਜ਼ਵਾਨ ਵੀਰ ਭਾਰੀ ਜਥਿਆਂ ਸਮੇਤ ਦਿੱਲੀ ਕਿਸਾਨ ਅੰਦੋਲਨ ‘ਚ ਪਹੁੰਚ ਕੇ ਆਪਣੀ ਹਾਜ਼ਰੀ ਲਗਾ ਰਹੇ ਹਨ, ਪਰ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸਾਨਾਂ ਦੀ ਗਿਣਤੀ ਬਾਕੀ ਜ਼ਿਿਲ੍ਹਆਂ ਨਾਲੋ ਬਹੁਤ ਘੱਟ ਹੋਣ ਕਾਰਨ ਉਨ੍ਹਾਂ ਦੀ ਘਾਟ ਬਹੁਤ ਮਹਿਸੂਸ ਹੋ ਰਹੀ ਹੈ। ਸੰਧੂ ਰਣੀਕੇ ਵੱਲੋਂ ਆਪਣੇ ਪਰਿਵਾਰ ਸਮੇਤ ਕਿਸਾਨ ਏਕਤਾ ਮੋਰਚੇ ‘ਚ ਸ਼ਮੂਲੀਅਤ ਕਰਦਿਆਂ ਸੰਘਰਸ਼ਸ਼ੀਲ ਕਿਸਾਨਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਸੰਧੂ ਰਣੀਕੇ ਨੇ ਕਿਸਾਨ ਮੋਰਚੇ ਨੂੰ ਮੁੜ ਸੁਰਜੀਤ ਕਰਦਿਆਂ ਮੋਰਚੇ ਵਿੱਚ ਨਵੀਂ ਰੂਹ ਫੂਕਣ ਲਈ ਕਿਸਾਨ ਆਗੂ ਸ਼੍ਰੀ ਰਾਕੇਸ਼ ਟਿਕੈਤ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਗਾਜੀਪੁਰ ਮੋਰਚੇ ‘ਤੇ ਸ੍ਰੀ ਟਿਕੈਤ ਦੇ ਸਿਰ ‘ਤੇ ਦਸਤਾਰ ਸਜਾਉਂਦੇ ਹੋਏ ਸ੍ਰੀ ਸਾਹਿਬ ਅਤੇ ਸਿਰੋਪਾਓ ਨਾਲ ਸਨਮਾਨਿਤ ਕਰਦਿਆਂ ਸ੍ਰੀ ਟਿਕੈਤ ਵੱਲੋਂ ਮੋਰਚੇ ਨੂੰ ਦਿੱਤੇ ਗਏ ਸਮਰਥਨ ਤੇ ਸਿੱਖ ਸਮਾਜ ਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਮੋਰਚੇ ਨੂੰ ਜਿੱਤ ਤੱਕ ਲਗਾਤਾਰ ਜਾਰੀ ਰੱਖਣ ਲਈ ਅੰਦੋਲਨਕਾਰੀਆਂ ਨੂੰ ਕਿਹਾ ਕਿ ਉਹ ਮੋਰਚਾ ਛੱਡ ਕੇ ਨਾ ਜਾਣ, ਜੇ ਉਨ੍ਹਾਂ ਨੂੰ ਪਿੰਡ ਦੀ ਯਾਦ ਸਤਾਉਂਦੀ ਹੈ ਤਾਂ ਉਹ ਪਿੰਡ ਦੀ ਮਿੱਟੀ ਆਪਣੇ ਨਾਲ ਲੈ ਕੇ ਆਉਣ ਅਤੇ ਮੋਰਚੇ ਦੀ ਮਿੱਟੀ ਆਪਣੇ ਖੇਤਾਂ ਵਿਚ ਲਿਜਾ ਕੇ ਖਿਲਾਰ ਦੇਣ। ਸੰਧੂ ਰਣੀਕੇ ਨੇ ਕਿਸਾਨ ਅੰਦੋਲਨ ਨੂੰ ਦੇਸ਼ ਭਰ ਤੋਂ ਹੋਰ ਹਿਮਾਇਤ ਜੁਟਾਉਣ ਲਈ ਕਿਸਾਨ ਆਗੂ ਸ਼੍ਰੀ ਰਾਕੇਸ਼ ਟਿਕੈਤ ਤੇ ਹੋਰਨਾਂ ਆਗੂਆਂ ਨਾਲ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੋਰਚੇ ‘ਚ ਹਿੱਸਾ ਲੈਣ ਦਾ ਮਕਸਦ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੰਦੋਲਨ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਤੀ ਬਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਪ੍ਰਤੀ ਕਿਸਾਨਾਂ ਦੀ ਮੰਗ ‘ਤੇ ਕੇਂਦਰ ਸਰਕਾਰ ਵੱਲੋਂ ਸਾਰਥਿਕ ਹੁੰਗਾਰਾ ਨਹੀਂ ਭਰਿਆ ਜਾ ਰਿਹਾ ਅਤੇ ਮੋਦੀ ਸਰਕਾਰ ਵੱਲੋਂ ਕਿਸਾਨ ਮੋਰਚੇ ਨੂੰ ਫੈਲ ਕਰਨ ਲਈ ਹੋਛੇ ਹੱਥ ਕੰਡੇ ਅਪਣਾਏ ਜਾ ਰਹੇ ਹਨ, ਜੋ ਕਿ ਲੋਕਤੰਤਰ ਦਾ ਕਤਲ ਹੈ। ਸੰਧੂ ਰਣੀਕੇ ਨੇ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ ਅਤੇ ਸਰਕਾਰ ਨੂੰ ਇੰਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਹੀ ਲੈਣਾ ਪਵੇਗਾ। ਉਨ੍ਹਾਂ ਅਖੀਰ ਵਿਚ ਅੰਮ੍ਰਿਤਸਰ ਦੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ, ਜਿਹੜੇ ਕਿਸਾਨ ਆਪਣੇ ਘਰਾਂ ‘ਚ ਬੈਠੇ ਹਨ, ਉਹ ਵੀ ਆਪਣੇ ਕੰਮ-ਕਾਰ ਛੱਡ ਕੇ ਕਿਸਾਨ ਅੰਦੋਲਨ ‘ਚ ਵੱਧ ਤੋਂ ਵੱਧ ਸਮੂਲੀਅਤ ਕਰਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS