ਗੰਨੇ ਦਾ ਬੀਜ ਭਰੋਸੇਮੰਦ ਸਰੋਤਾਂ ਤੋਂ ਪ੍ਰਾਪਤ ਕਰਕੇ ਜ਼ਰੂਰਤ ਅਨੁਸਾਰ ਬੀਜ ਵਾਲੀ ਫਸਲ ਵੱਖਰੇ ਖੇਤ ਵਿੱਚ ਬੀਜਣ ਦੀ ਜ਼ਰੂਰਤ : ਡਾ. ਅਮਰੀਕ ਸਿੰਘ
ਗੰਨੇ ਦੀ ਬਿਜਾਈ ਦੀਆਂ ਨਵੀਨਤਮ ਕਾਸ਼ਤਕਾਰੀ ਤਕਨੀਕਾਂ ਬਾਰੇ ਗੰਨਾ ਕਾਸਤਕਾਰਾਂ ਨੂੰ ਜਾਗਰੁਕ ਕਰਨ ਵਿਸ਼ੇਸ਼ ਮਹਿੰਮ ਦੀ ਸ਼ੁਰੂਆਤ
ਬਟਾਲਾ, 15 ਫਰਵਰੀ ( ਨੀਰਜ ਸ਼ਰਮਾ ਜਸਬੀਰ ਸਿੰਘ) ਡਾ. ਗੁਰਵਿੰਦਰ ਸਿੰਘ ਖਾਲਸਾ ਗੰਨਾ ਕਮਿਸ਼ਨਰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਵਾਈ ਪੀ ਸਿੰਘ ਵਾਈਸ ਪ੍ਰੈਜੀਡੈਂਟ ਚੱਡਾ ਸ਼ੂਗਰ ਐਂਡ ਇੰਡਸਟਰੀਜ਼ ਲਿਮਿਟਡ ਦੀ ਅਗਵਾਈ ਹੇਠ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਦੀਆਂ ਨਵੀਨਤਮ ਕਾਸ਼ਤਕਾਰੀ ਤਕਨੀਕਾਂ ਬਾਰੇ ਗੰਨਾ ਕਾਸਤਕਾਰਾਂ ਨੂੰ ਜਾਗਰੁਕ ਕਰਨ ਲਈ ਖੰਡ ਮਿੱਲ ਕੀੜੀ ਅਫਗਾਨਾ ਵੱਲੋਂ ਵਿਸ਼ੇਸ਼ ਮਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਅਗਾਂਹਵਧੂ ਕਿਸਾਨ ਰਣਜੀਤ ਸਿੰਘ ਦੇ ਖੇਤਾਂ ਵਿੱਚ ਗੰਨਾ ਕਾਸ਼ਤਕਾਰ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਗੰਨਾ ਕਾਸਤਕਾਰਾਂ ਨਾਲ ਗੰਨੇ ਦੀ ਕਾਸਤ ਬਾਰੇ ਨਵੀਨਤਮ ਕਾਸਤਕਾਰੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ (ਗੰਨਾ), ਸਤਿੰਦਰ ਸਿੰਘ, ਰਾਕੇਸ਼ ਕੁਮਾਰ ਸ਼ਰਮਾ, ਵਿਕਾਸ ਕੁਮਾਰ, ਜਰਮੇਜ ਸਿੰਘ ਰਾੜਾ, ਹਰਿੰਦਰ ਸਿੰਘ ਰਿਆੜ, ਲਖਵਿੰਦਰ ਸਿੰਘ, ਸਤਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਗੰਨਾ ਕਾਸਤਕਾਰ ਹਾਜ਼ਰ ਸਨ। ਗੰਨਾ ਕਾਸਤਕਾਰਾਂ ਨਾਲ ਗੰਨੇ ਦੀ ਕਾਸਤ ਸੰਬੰਧੀ ਤਕਨੀਕੀ ਨੁਕਤੇ ਸਾਂਝੇ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਵਧਾਉਣ ਲਈ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਕਮਾਦ ਦੀ ਕਾਸ਼ਤ ਸੰਬੰਧੀ ਨਵੀਨਤਮ ਤਕਨੀਕਾਂ ਸਮੇਂ ਸਿਰ ਪਹੁੰਚਾਈਆਂ ਜਾਣ। ਉਨਾਂ ਕਿਹਾ ਕਿ ਕਮਾਦ ਦੀ ਕਾਸ਼ਤ ਵਿੱਚ ਮਸ਼ੀਨੀਕਰਨ ਜਿਵੇਂ ਬਿਜਾਈ, ਮੂਢੀ ਫਸਲ ਦਾ ਪ੍ਰਬੰਧ ਅਤੇ ਕਟਾਈ ਆਦਿ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਕਮਾਦ ਦੀ ਕਾਸ਼ਤ ਦੇ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਗੰਨੇ ਦੀ ਕਾਸਤ ਲਈ ਬੀਜ ਕਿਸਾਨਾਂ ਵੱਲੋਂ ਆਪਣੇ ਆਢੀ ਗੁਆਢੀਆਂ ਜਾਂ ਆਪਣੇ ਖੇਤਾਂ ਵਿੱਚੋਂ ਲੈ ਕੇ ਵਰਤਿਆ ਜਾਂਦਾ ਹੈ, ਜੋ ਰੋਗ ਰਹਿਤ ਨਾਂ ਹੋਣ ਕਾਰਨ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਘੱਟ ਕਰਨ ਦਾ ਕਾਰਨ ਬਣਦਾ ਹੈ। ਉਨਾਂ ਕਿਹਾ ਕਿ ਹਰੇਕ ਗੰਨਾ ਕਾਸਤਕਾਰ ਨੂੰ ਆਪਣੀ ਜ਼ਰੂਰਤ ਅਨੁਸਾਰ ਗੰਨੇ ਦਾ ਬੀਜ ਭਰੋਸੇਮੰਦ ਸਰੋਤਾਂ ਤੋਂ ਪ੍ਰਾਪਤ ਕਰਕੇ ਬੀਜ ਵਾਲੀ ਫਸਲ ਵੱਖਰੇ ਖੇਤ ਵਿੱਚ ਬੀਜਣੀ ਚਾਹੀਦੀ ਹੈ ਤਾਂ ਜੋ ਅਗਲੇ ਸਾਲ ਲਈ ਬੀਜੀ ਜਾਣ ਵਾਲੀ ਫਸਲ ਲਈ ਲੋੜੀਂਦਾ ਬੀਜ ਤਿਆਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਬੀਜ ਦਾ ਜੰਮ ਵਧਾਉਣ ਲਈ ਗੰਨੇ ਦੇ ਬੀਜ ਨੂੰ, ਬਿਜਾਈ ਤੋਂ ਪਹਿਲਾਂ ਬੀਜ ਨੂੰ ਈਥਰਲ ਦੇ ਘੋਲ ਵਿੱਚ ਪੂਰੀ ਰਾਤ ਡੋਬਣ ਉਪਰੰਤ ਬਿਜਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਇਹ ਘੋਲ ਬਨਾਉਣ ਲਈ 25 ਮਿਲੀਲਿਟਰ ਈਥਰਲ 39 ਐਸ ਐਲ ਨੂੰ 100 ਲਿਟਰ ਪਾਣੀ ਵਿੱਚ ਘੋਲੋ ਅਤੇ ਬੀਜ ਨੂੰ ਬਿਜਾਈ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡੋਬ ਕੇ ਰੱਖੋ। ਉਨਾਂ ਕਿਹਾ ਕਿ ਬੀਜੜ ਫਸਲ ਦੀ ਕਟਾਈ ਤੋਂ ਹਫਤੇ ਬਾਅਦ ਮੂਢੀ ਫਸਲ ਦੇ ਪ੍ਰਬੰਧ ਜਿਵੇਂ ਫਸਲ ਦੀ ਰਹਿੰਦ ਖੂੰਹਦ ਦੀ ਕਟਾਈ, ਖਾਦਾਂ ਦੀ ਵਰਤੋਂ, ਵਿੱਥਾਂ ਨੂੰ ਪੂਰਿਆਂ ਕਰਨਾ, ਖੇਤ ਦੀ ਮਿੱਟੀ ਨੂੰ ਪੋਲਿਆਂ ਕਰਨ ਲਈ ਵਹਾਈ ਕਰਨੀ ਆਦਿ ਸ਼ੁਰੂ ਕਰ ਦੇਣੇ ਚਾਹੀਦੇ ਹਨ। ਉਨਾਂ ਕਿਹਾ ਕਿ ਗੰਨੇ ਦੀ ਮੂਢੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਸਾਂਭ ਸੰਭਾਲ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਗੰਨੇ ਦੀ ਬਿਜਾਈ ਤੋਂ 1-2 ਦਿਨਾਂ ਵਿੱਚ ਸਿਫਾਰਸ਼ ਕੀਤੀਆਂ ਨਦੀਨਨਾਸ਼ਕ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਡਾ. ਵਾਈ ਪੀ ਸਿੰਘ ਨੇ ਦੱਸਿਆ ਕਿ ਮਿੱਲ ਵੱਲੋਂ ਗੰਨੇ ਦੀ ਅਦਾਇਗੀ ਸਮੇਂ ਸਿਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਆਸ ਹੈ ਕਿ ਬਹੁਤ ਜਲਦ ਗੰਨੇ ਦੀ ਅਦਾਇਗੀ ਨਾਲੋ ਨਾਲ ਹੋਣੀ ਸ਼ੁਰੂ ਹੋ ਜਾਵੇਗੀ।ਉਨਾ ਕਿਹਾ ਕਿ ਖੰਡ ਮਿੱਲ ਦੇ ਨਿਰਧਾਰਿਤ ਖੇਤਰ ਵਿੱਚ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਵਿੱਚ ਵਾਧਾ ਕਰਨ ਲਈ ਗੰਨੇ ਦੀ ਬਿਜਾਈ 4 ਫੁੱਟ ਦੀ ਦੂਰੀ ਤੇ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈ ਅਤੇ ਇਸ ਮਕਸਦ ਵਾਸਤੇ ਗੰਨਾ ਕਾਸ਼ਤਕਾਰਾਂ ਨੂੰ ਖੇਤੀ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੇ। ਉਨਾਂ ਕਿਹਾ ਕਿ ਫਸਲ ਤੋਂ ਵਧੇਰੇ ਪੇਦਾਵਾਰ ਲੈਣ ਲਈ ਜ਼ਰੂਰੀ ਹੈ ਕਿ ਘੱਟੋ ਘੱਟ ਦੋ ਮੂਢੀਆਂ ਫਸਲਾਂ ਲਈਆਂ ਜਾਣ। ਡਾ. ਪਰਮਿੰਦਰ ਪਾਲ ਨੇ ਕਿਹਾ ਕਿ ਬਹਾਰ ਰੁੱਤ ਵਿੱਚ ਬੀਜੇ ਕਮਾਦ ਦੀਆਂ ਦੋ ਲਾਈਨਾਂ ਵਿੱਚ ਗਰਮ ਰੁੱਤ ਦੀ ਮੂੰਗੀ ਜਾਂ ਮਾਂਹ ਦੀਆਂ ਸਿਫ਼ਾਰਸ਼ ਕਿਸਮਾਂ ਦੀ ਇੱਕ-ਇੱਕ ਲਾਈਨ ਬੀਜ ਕੇ ਇਨਾਂ ਫ਼ਸਲਾਂ ਦਾ 1.5 ਤੋਂ 2.0 ਕੁਇੰਟਲ ਪ੍ਰਤੀ ਏਕੜ ਵਾਧੂ ਝਾੜ ਲਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਨਾਂ ਫ਼ਸਲਾਂ ਦੀ ਬਿਜਾਈ ਨਾਲ ਗੰਨੇ ਦੇ ਝਾੜ ਤੇ ਕੋਈ ਅਸਰ ਨਹੀਂ ਹੁੰਦਾ ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ।
COMMENTS