ਡਿਪਟੀ ਕਮਿਸ਼ਨਰ ਨੇ ਬਟਾਲਾ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਦਾ ਜਾਇਜਾ ਲਿਆ
ਸਫ਼ਾਈ ਕਰਮੀ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਲੈ ਕੇ ਇਸਦਾ ਵਿਗਿਆਨਿਕ ਢੰਗ ਨਾਲ ਨਿਪਟਾਰਾ ਕਰਨ - ਡੀ.ਸੀ.
ਬਟਾਲਾ, 6 ਜਨਵਰੀ (ਅਸ਼ੋਕ ਜੜੇਵਾਲ/ ਵਿੱਕੀ / ਪੱਡਾ/ ਨੀਰਜ ਸ਼ਰਮਾ ) - ਮੇਰਾ ਕੂੜਾ, ਮੇਰੀ ਜਿੰਮੇਵਾਰੀ ਮੁਹਿੰਮ ਤਹਿਤ ਚੱਲ ਰਹੇ ਸਫ਼ਾਈ ਅਭਿਆਨ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਬਟਾਲਾ ਸ਼ਹਿਰ ਦਾ ਦੌਰਾ ਕੀਤਾ ਗਿਆ। ਬਟਾਲਾ ਫੇਰੀ ਦੌਰਾਨ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਿੱਚ ਕੂੜੇ ਦੇ ਕੁਲੈਕਸ਼ਨ ਸੈਂਟਰਾਂ, ਕੰਪੋਸਟ ਪਿੱਟਸ ਅਤੇ ਸੈਗਰੀਗੇਸ਼ਨ ਪਲਾਂਟ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨਰ ਨਗਰ ਨਿਗਮ ਬਟਾਲਾ ਸ. ਬਲਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਬਟਾਲਾ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਜਾਇਜਾ ਲੈਣ ਤੋਂ ਬਾਅਦ ਸਥਾਨਕ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਫ਼ਾਈ ਕਰਮੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜਿਨੇ ਵੀ ਕੂੜਾ ਕੁਲੈਕਸ਼ਨ ਸੈਂਟਰ ਹਰ ਉਥੇ ਇੱਕ ਸਫ਼ਾਈ ਕਰਮੀ ਅਤੇ ਉਸ ਨਾਲ ਇੱਕ ਵਲੰਟੀਅਰ ਤਾਇਨਾਤ ਕੀਤਾ ਜਾਵੇਗਾ ਜੋ ਕੂੜਾ ਸੁੱਟਣ ਆਏ ਲੋਕਾਂ ਨੂੰ ਗਿੱਲ ਤੇ ਸੁੱਕਾ ਕੂੜਾ ਵੱਖ-ਵੱਖ ਲਿਆਉਣ ਲਈ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀ ਜਿਥੇ ਘਰੋ-ਘਰੀਂ ਸੈਗਰੀਗੇਟ ਕੂੜੇ ਦੀ ਕੁਲੈਕਸ਼ਨ ਕਰ ਰਹੇ ਹਨ ਉਹ ਕੁਲੈਕਸ਼ਨ ਵੀ ਜਾਰੀ ਰਹੇਗੀ। ਡਿਪਟੀ ਕਮਿਸ਼ਨਰ ਨੇ ਨਿਗਰ ਦੇ ਤਿੰਨ ਸੈਨਟਰੀ ਇੰਸਪੈਕਟਰਾਂ ਨੂੰ ਬੀਟਾਂ ਦੀ ਵੰਡ ਕਰਨ ਦੇ ਨਾਲ ਹਦਾਇਤ ਕੀਤੀ ਕਿ ਹਰ ਕੂੜਾ ਕੁਲੈਕਸ਼ਨ ਸੈਂਟਰ ਤੋਂ ਰੋਜ਼ਾਨਾਂ ਸਮੇਂ ਸਿਰ ਕੂੜਾ ਚੁੱਕਿਆ ਜਾਵੇ ਅਤੇ ਗਿੱਲਾ ਕੂੜਾ ਕੰਪੋਸਟ ਪਿਟਸ ਅਤੇ ਸੁੱਕਾ ਕੂੜਾ ਐੱਮ.ਆਰ.ਐੱਫ ਸ਼ੈੱਡ ਵਿੱਚ ਪਹੁੰਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਹੋਰ ਦਰੁਸਤ ਕਰਨ ਲਈ 100 ਨਵੇਂ ਸਫ਼ਾਈ ਕਰਮੀ ਰੱਖੇ ਗਏ ਹਨ ਜੋ ਜਲਦੀ ਹੀ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦੇਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਪੋਸਟ ਪਿਟਸ ਅਤੇ ਐੱਮ.ਆਰ.ਐੱਫ ਯੂਨਿਟ ਵਿਖੇ ਕੂੜੇ ਦੀ ਆਮਦ ਦਾ ਰਿਕਾਰਡ ਰੱਖਿਆ ਜਾਵੇ ਅਤੇ ਇਸ ਲਾਗ ਬੁੱਕ ਨੂੰ ਸੈਂਨਟਰੀ ਇੰਸਪੈਕਟਰ ਰੋਜ਼ਾਨਾਂ ਚੈੱਕ ਕਰਨਗੇ। ਉਨ੍ਹਾਂ ਕਿਹਾ ਕਿ ਕੂੜੇ ਦਾ ਸਿਸਟੇਮੈਟਿਕ ਨਿਪਟਾਰਾ ਤਾਂ ਹੀ ਸੰਭਵ ਹੈ ਜੇਕਰ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਹੋਵੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਜ਼ੂਰੀ ਗੇਟ ਵਾਲੇ ਡੰਪ ਨੂੰ ਖਤਮ ਕਰਨ ਲਈ ਓਥੇ ਸੈਗਰੀਗੇਸ਼ਨ ਪਲਾਂਟ ਲਗਾਇਆ ਗਿਆ ਹੈ ਅਤੇ ਜਲਦੀ ਹੀ ਇਸ ਡੰਪ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ। ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਸਫ਼ਾਈ ਮੁਹਿੰਮ ਵਿੱਚ ਸਭ ਤੋਂ ਵੱਧ ਯੋਗਦਾਨ ਸ਼ਹਿਰ ਵਾਸੀ ਖੁਦ ਪਾ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਡਸਟਬੀਨ ਵਿਚ ਇਕੱਠਾ ਕੀਤਾ ਜਾਵੇ ਅਤੇ ਉਸ ਸੈਗਰੀਗੇਟਿਡ ਕੂੜੇ ਨੂੰ ਹੀ ਸਫ਼ਾਈ ਨੂੰ ਦਿੱਤਾ ਜਾਵੇ ਜਾਂ ਕੁਲੈਕਸ਼ਨ ਸੈਂਟਰ ਉੱਪਰ ਲੱਗੇ ਡਰੰਮਾਂ ਵਿੱਚ ਵੱਖ-ਵੱਖ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇਸ ਛੋਟੇ ਜਿਹੇ ਸਹਿਯੋਗ ਨਾਲ ਹੀ ਸ਼ਹਿਰ ਦੀ ਕੂੜੇ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਇਸ ਨਾਲ ਸ਼ਹਿਰ ਵਿੱਚੋਂ ਸਾਰੇ ਕੂੜਾ ਡੰਪਾਂ ਨੂੰ ਅਸਾਨੀ ਨਾਲ ਖਤਮ ਕੀਤਾ ਜਾ ਸਕਦਾ ਹੈ।
COMMENTS