ਬਾਗਬਾਨੀ ਵਿਭਾਗ ਨੇ ਸਰਦੀ ਦੇ ਮੌਸਮ ਦੌਰਾਨ ਬਾਗਾਂ ਦੀ ਸੰਭਾਲ ਲਈ ਕੁਝ ਜਰੂਰੀ ਨੁਕਤੇ ਸਾਂਝੇ ਕੀਤੇ
ਬਟਾਲਾ, 1 ਦਸੰਬਰ (ਅਸ਼ੋਕ ਜੜੇਵਾਲ ) - ਬਾਗਬਾਨੀ ਵਿਭਾਗ ਨੇ ਬਾਗਬਾਨਾਂ ਨਾਲ ਸਰਦੀ ਦੇ ਮੌਸਮ ਦੌਰਾਨ ਬਾਗਾਂ ਦੀ ਸੰਭਾਲ ਲਈ ਕੁਝ ਜਰੂਰੀ ਨੁਕਤੇ ਸਾਂਝੇ ਕੀਤੇ ਹਨ। ਸਰਦੀਆਂ ਵਿੱਚ ਬਾਗਾਂ ਦੀ ਦੇਖਭਾਲ ਕਰਨ ਬਾਰੇ ਜਾਣਕਾਰੀ ਦਿੰਦਿਆਂ ਬਟਾਲਾ ਦੇ ਬਾਗਬਾਨੀ ਵਿਕਾਸ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੱਤਝੜੀ ਕਿਸਮ ਦੇ ਫ਼ਲਦਾਰ ਬੂਟਿਆਂ ਦੇ ਪੱਤੇ ਸਰਦੀ ਵਿੱਚ ਝੜ ਜਾਂਦੇ ਹਨ, ਇਹਨਾ ਦੀ ਲੁਆਈ ਜਨਵਰੀ ਵਿੱਚ ਹੋਣੀ ਹੈ, ਇਸ ਲਈ ਦਸੰਬਰ ਮਹੀਨੇ ਠੀਕ ਤਰੀਕੇ ਨਾਲ ਯੋਜਨਾਬੰਦੀ ਅਤੇ ਵਿਊਂਤਬੰਦੀ ਕਰਕੇ ਖੇਤ ਤਿਆਰ ਕਰ ਲੈਣੇ ਚਾਹੀਦੇ ਹਨ।
ਬਾਗਬਾਨੀ ਵਿਕਾਸ ਅਧਿਕਾਰੀ ਨੇ ਕਿਹਾ ਕਿ ਅਮਰੂਦ, ਬੇਰ, ਅਉਲਾ ਅਤੇ ਲੁਕਾਠ ਨੂੰ ਛੱਡ ਕੇ ਬਾਕੀ ਫ਼ਲਦਾਰ ਬੂਟਿਆਂ ਨੂੰ ਦੇਸੀ ਰੂੜੀ ਪਾਉਣ ਦਾ ਇਹ ਢੁੱਕਵਾਂ ਸਮਾਂ ਹੈ। ਦੇਸੀ ਰੂੜੀ ਦੇ ਨਾਲ-ਨਾਲ, ਲੀਚੀ, ਆੜੂ, ਨਾਖ ਅਤੇ ਅਲੂਚਿਆਂ ਦੇ ਬੂਟਿਆਂ ਨੂੰ ਸਿਫ਼ਾਰਸ਼ ਕੀਤੀ ਸਿੰਗਲ ਸੁਪਰਫਾਸਫੇਟ ਅਤੇ ਮਿਊਰੇਟ ਆਫ਼ ਪੋਟਾਸ਼ ਵੀ ਜ਼ਰੂਰ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਛੋਟੇ ਬੂਟਿਆਂ ਨੂੰ ਠੰਡ ਅਤੇ ਕੋਰੇ ਤੋਂ ਬਚਾਉਣ ਲਈ ਢੁਕਵੇਂ ਪ੍ਰਬੰਧ ਕਰੋ। ਬੇਰਾਂ ਦੇ ਫ਼ਲ ਇਸ ਮਹੀਨੇ ਵਧਦੇ ਫੁੱਲਦੇ ਹਨ, ਇਸ ਲਈ ਲੋੜ ਮੁਤਾਬਕ ਪਾਣੀ ਦਿੰਦੇ ਰਹੋ। ਜੇਕਰ ਮੀਂਹ ਪੈ ਜਾਵੇ ਤਾਂ ਪਾਣੀ ਨਾ ਦਿਉ।
ਬਾਗਬਾਨੀ ਅਧਿਕਾਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਵਿੱਚ ਪੱਤਝੜੀ ਫਲਦਾਰ ਬੂਟਿਆਂ ਜਿਵੇਂ ਕਿ ਆੜੂ, ਅਲੂਚਾ, ਨਾਸ਼ਪਾਤੀ, ਅੰਗੂਰ, ਅੰਜੀਰ ਆਦਿ ਦੀ ਕਾਂਟ-ਛਾਟ ਅਤੇ ਸਿਧਾਈ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਅਮਰੂੁਦ, ਮਾਲਟਾ ਅਤੇ ਗਰੇਪਫਰੂਟ ਦੇ ਫ਼ਲ ਇਸ ਮਹੀਨੇ ਤੋੜਨ ਲਈ ਤਿਆਰ ਹੋ ਜਾਂਦੇ ਹਨ। ਇਨ੍ਹਾਂ ਨੂੰ ਛਾਂਟ ਕੇ ਦਰਜ਼ਾਬੰਦੀ ਕਰਕੇ ਮੰਡੀ ਵਿੱਚ ਵੇਚੋ। ਅੰਬਾਂ ਵਿੱਚ ਮਿੱਲੀ ਬੱਗ ਨੂੰ ਬੂਟਿਆਂ ਤੇ ਚੜ੍ਹਨ ਤੋਂ ਰੋਕਣ ਲਈ ਇਨ੍ਹਾਂ ਦੇ ਤਣਿਆਂ ਦੁਆਲੇ ਇੱਕ ਮੀਟਰ ਦੀ ਉਚਾਈ ਤੇ ਤਿਲਕਵੀਂ ਪੱਟੀ ਦਸੰਬਰ ਦੇ ਦੂਜੇ ਹਫ਼ਤੇ ਵਿੱਚ ਲਾ ਦੇਣੀ ਚਾਹੀਦੀ ਹੈ। ਲੀਚੀ ਦੇ ਵੱਡੀ ਉਮਰ ਦੇ ਬੂਟਿਆਂ ਨੂੰ ਪਾਣੀ ਦਸੰਬਰ ਦੇ ਪਹਿਲੇ ਹਫਤੇ ਲਾਉਣਾ ਚਾਹੀਦਾ ਹੈ ਤਾਂ ਕਿ ਬਾਗ ਨੂੰ ਕੋਰੇ ਦੀ ਮਾਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਨਿੰਬੂ ਜਾਤੀ ਦੇ ਫਲਾਂ ਵਿੱਚ ਕੈਂਕਰ ਦੀ ਰੋਕਥਾਮ ਲਈ ਸਟਰੈਪਟੋਸਾਇਕਲੀਨ 50 ਗ੍ਰਾਮ + ਨੀਲਾ ਥੋਥਾ 25 ਗ੍ਰਾਮ ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਦਸੰਬਰ ਦੇ ਮਹੀਨੇ ਦੂਜਾ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਨੁਕਤੇ ਅਪਣਾਅ ਕੇ ਸਰਦੀ ਦੇ ਮੌਸਮ ਵਿੱਚ ਫ਼ਲਦਾਰ ਬੂਟਿਆਂ ਦੀ ਸੰਭਾਲ ਕੀਤੀ ਜਾ ਸਕਦੀ ਹੈ।
Pragati media Ashok jrewal di report

COMMENTS