ਬਟਾਲਾ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਮੰਤਰੀ ਬਾਜਵਾ ਨੇ ਬਟਾਲਾ ਵਾਸੀਆਂ ਦਾ ਧੰਨਵਾਦ ਕੀਤਾ
ਸ. ਬਾਜਵਾ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਸਾਹਿਬ, ਸ੍ਰੀ ਕੰਧ ਸਾਹਿਬ ਅਤੇ ਪ੍ਰਾਚੀਨ ਮੰਦਰ ਸ੍ਰੀ ਕਾਲੀ ਦੁਆਰਾ ਵਿਖੇ ਨਤਮਸਤਕ ਹੋਏ
ਚੱਕਰੀ ਬਜ਼ਾਰ ਵਿੱਚ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸ. ਬਾਜਵਾ ਦਾ ਨਿੱਘਾ ਸਵਾਗਤ ਕੀਤਾ
ਬਟਾਲਾ, 18 ਫਰਵਰੀ (ਅਸ਼ੋਕ ਜੜੇਵਾਲ) - ਬਟਾਲਾ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਉਪਰੰਤ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਨ ਲਈ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅੱਜ ਵਿਸ਼ੇਸ਼ ਤੌਰ ’ਤੇ ਬਟਾਲਾ ਪਹੁੰਚੇ। ਇਸ ਜਿੱਤ ਲਈ ਸ. ਬਾਜਵਾ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਵਿਖੇ ਮੱਥਾ ਟੇਕਿਆ। ਇਸ ਉਪਰੰਤ ਸ. ਬਾਜਵਾ ਚੱਕਰੀ ਬਜ਼ਾਰ ਰਾਹੀਂ ਹੁੰਦੇ ਹੋਏ ਪ੍ਰਚਾਨੀ ਸ੍ਰੀ ਕਾਲੀ ਦੁਆਰਾ ਮੰਦਰ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਸ ਜਿੱਤ ਲਈ ਪ੍ਰਮਾਤਮਾ ਦਾ ਸ਼ੁਕਰਾਨਾਂ ਕੀਤਾ। ਇਸ ਮੌਕੇ ਸ੍ਰੀ ਕਾਲੀ ਦੁਆਰਾ ਮੰਦਰ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਸ. ਬਾਜਵਾ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਵਿੱਚ 17 ਸਾਲਾਂ ਬਾਅਦ ਕਾਂਗਰਸ ਪਾਰਟੀ ਪੂਰੇ ਬਹੁਮਤ ਨਾਲ ਸਥਾਨਕ ਚੋਣਾਂ ਜਿੱਤੀ ਹੈ ਅਤੇ ਇਸ ਜਿੱਤ ਦਾ ਸਿਹਰਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ ਜਿਨ੍ਹਾਂ ਨੇ ਬਟਾਲਾ ਸ਼ਹਿਰ ਦਾ ਰਿਕਾਰਡ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਵਿਕਾਸ ਦੀ ਜਿੱਤ ਹੈ ਅਤੇ ਲੋਕਾਂ ਨੇ ਏਨਾ ਵੱਡਾ ਫ਼ਤਵਾ ਦੇ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਦੁਬਾਰਾ ਜਿੱਤ ਦਿਵਾਉਣ ਦਾ ਮੁੱਢ ਬੰਨ ਦਿੱਤਾ ਹੈ। ਸ. ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਵਿਕਸਤ ਅਤੇ ਖੂਬਸੂਰਤ ਬਣਾਉਣਾ ਉਨ੍ਹਾਂ ਦਾ ਸੁਪਨਾ ਹੈ ਅਤੇ ਹਾਊਸ ਦੇ ਗਠਨ ਤੋਂ ਬਾਅਦ ਸ਼ਹਿਰ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜਿਹੜੇ ਵਿਕਾਸ ਕਾਰਜ ਬਕਾਇਆ ਹਨ ਉਨ੍ਹਾਂ ਨੂੰ ਨੇਪਰੇ ਚਾੜਿਆ ਜਾਵੇਗਾ।ਪੱਤਰਕਾਰਾਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਰਾਜ ਭਰ ਵਿੱਚ ਨਗਰ ਨਿਗਮਾਂ ਦੇ ਮੇਅਰ ਅਤੇ ਨਗਰ ਕੌਂਸਲਾਂ ਦੇ ਪ੍ਰਧਾਨਾਂ ਲਈ ਨਿਯਮਾਂ ਅਨੁਸਾਰ ਰਿਜ਼ਰੇਵਸ਼ਨ ਰੋਸਟਰ ਤਿਆਰ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਅਗਲੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੇਅਰ ਬਣਾਉਣ ਦਾ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਕੌਂਸਲਰਾਂ ਦੀ ਸਹਿਮਤੀ ਨਾਲ ਕਰਨਗੇ। ਇਸ ਮੌਕੇ ਸ. ਬਾਜਵਾ ਨੇ ਨਹਿਰੂ ਗੇਟ ਵਿਖੇ ਨਵੇਂ ਜਿੱਤੇ ਕੌਂਸਲਰਾਂ ਨੂੰ ਸਨਮਾਨਤ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ। ਓਧਰ ਬਟਾਲਾ ਵਾਸੀਆਂ ਨੇ ਵੀ ਕਾਂਗਰਸ ਪਾਰਟੀ ਦੀ ਜਿੱਤ ਉਪਰ ਖੁਸ਼ੀ ਜ਼ਾਹਰ ਕਰਦਿਆਂ ਲੱਡੂ ਵੰਡੇ ਅਤੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉੱਪਰ ਫੁੱਲਾਂ ਦੀ ਵਰਖਾ ਕੀਤੀ। ਜਦੋਂ ਸ. ਬਾਜਵਾ ਚੱਕਰੀ ਬਜ਼ਾਰ ਵਿਚੋਂ ਗੁਜ਼ਰ ਰਹੇ ਸਨ ਤਾਂ ਦੁਕਾਨਦਾਰਾਂ, ਸ਼ਹਿਰੀਆਂ ਅਤੇ ਖਰੀਦੋ-ਫਰੋਖਤ ਕਰਨ ਆਏ ਲੋਕਾਂ ਨੇ ਬੜੀ ਗਰਮਜ਼ੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਸ. ਬਾਜਵਾ ਨੇ ਕਾਂਗਰਸ ਪਾਰਟੀ ਦੀ ਜਿੱਤ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਸਤੂਰੀ ਲਾਲ ਸੇਠ, ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁੱਢ, ਜੇਤੂ ਕੌਂਸਲਰ ਸੁਖਦੀਪ ਸਿੰਘ ਤੇਜਾ, ਸੁਨੀਲ ਸਰੀਨ, ਕਸਤੂਰੀ ਲਾਲ, ਸੰਜੀਵ ਕੁਮਾਰ, ਕਾਕੇ ਸ਼ਾਹ, ਜਗੀਰ ਖੋਖਰ, ਨਰਪਿੰਦਰ ਸਿੰਘ, ਰਾਣੂ ਸੇਖੜੀ, ਬੱਬੀ ਸੇਖੜੀ, ਸੁਖਦੇਵ ਸਿੰਘ ਬਾਜਵਾ, ਰੀਨਾ, ਸੁਨੀਲ ਕੁਮਾਰ, ਰਿੰਕੂ ਬਾਜਵਾ, ਪ੍ਰਭਜੋਤ ਸਿੰਘ ਚੱਠਾ, ਗੌਤਮ ਸੇਠ ਗੁੱਡੂ, ਰਾਜਾ ਗੁਰਬਖਸ਼ ਸਿੰਘ, ਰਮੇਸ਼ ਵਰਮਾਂ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।
COMMENTS