ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐੱਸ.ਐੱਸ.ਪੀ. ਬਟਾਲਾ ਨੇ ਅਮਨ-ਸ਼ਾਂਤੀ ਨਾਲ ਚੋਣ ਅਮਲ ਮੁਕੰਮਲ ਹੋਣ ’ਤੇ ਵੋਟਰਾਂ ਦਾ ਧੰਨਵਾਦ ਕੀਤਾ
ਬਟਾਲਾ, 18 ਫਰਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ) - ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਜ਼ਿਲ੍ਹੇ ਵਿੱਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਅਮਲ ਅਮਨ-ਅਮਾਨ ਨਾਲ ਮੁਕੰਮਲ ਹੋਣ ’ਤੇ ਸਮੂਹ ਸ਼ਹਿਰੀ ਵੋਟਰਾਂ ਦਾ ਧੰਨਵਾਦ ਕੀਤਾ ਹੈ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸ਼ਹਿਰੀ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਇਨ੍ਹਾਂ ਵੋਟਾਂ ਵਿੱਚ ਭਾਗ ਲੈ ਕੇ ਆਪਣੇ ਜ਼ਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਪੂਰੀ ਤਰਾਂ ਅਜ਼ਾਦ ਮਹੌਲ ਵਿੱਚ ਨਿਰਪੱਖਤਾ ਨਾਲ ਹੋਈਆਂ ਹਨ, ਜਿਸ ਸਦਕਾ ਵੋਟਰਾਂ ਨੇ ਆਪਣੀ ਪਸੰਦ ਦੇ ਨਵੇਂ ਕਾਊਂਸਲਰ ਚੁਣੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸ਼ਹਿਰਾਂ ਦੇ ਵਿਕਾਸ ਨੂੰ ਹੋਰ ਅੱਗੇ ਲੈ ਕੇ ਜਾਣਗੇ ਜਿਸ ਦਾ ਹਰ ਕਿਸੇ ਨੂੰ ਲਾਭ ਪਹੁੰਚੇਗਾ।ਡਿਪਟੀ ਕਮਿਸ਼ਨਰ ਨੇ ਜਿਥੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਓਥੇ ਇਨ੍ਹਾਂ ਚੋਣਾਂ ਨੂੰ ਕਾਮਯਾਬੀ ਨਾਲ ਕਰਵਾਉਣ ਲਈ ਸਮੁੱਚੇ ਚੋਣ ਅਮਲੇ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲੇ ਨੇ ਪੂਰੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਚੋਣਾਂ ਕਰਵਾਈਆਂ ਹਨ ਜਿਸ ਲਈ ਉਹ ਵਧਾਈ ਤੇ ਸ਼ਾਬਾਸ਼ੀ ਦੇ ਹੱਕਦਾਰ ਹਨ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਲਈ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਦਾ ਵੀ ਧੰਨਵਾਦ ਕੀਤਾ ਹੈ।ਇਸੇ ਦੌਰਾਨ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਸ਼ਾਂਤਮਈ ਚੋਣਾਂ ਮੁਕੰਮਲ ਹੋਣ ’ਤੇ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ ਜਿਸ ਵਿੱਚ ਪੁਲਿਸ ਜਵਾਨਾਂ ਦਾ ਵੱਡਾ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੀ ਬਹੁਤ ਸਾਥ ਦਿੱਤਾ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਦਿਆਂ ਉਨ੍ਹਾਂ ਨੇ ਅਜ਼ਾਦੀ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਚੁਣੇ ਗਏ ਨੁਮਾਇੰਦੇ ਸ਼ਹਿਰੀ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਗੇ।
COMMENTS