ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ, ਗਿਣਤੀ ਦੀ ਹੋਵੇਗੀ ਵੀਡੀਓਗ੍ਰਾਫੀ - ਐੱਸ.ਡੀ.ਐੱਮ. ਬਟਾਲਾ
ਇੱਕ ਰਾਊਂਡ ਵਿੱਚ ਹੋਵੇਗੀ 4-4 ਬੂਥਾਂ ਦੀ ਗਿਣਤੀ
ਬਟਾਲਾ, 16 ਫਰਵਰੀ ( ਅਸ਼ੋਕ ਜੜੇਵਾਲ ਨੀਰਜ ਸ਼ਰਮਾ ਜਸਬੀਰ ਸਿੰਘ/ਵਿੱਕੀ /ਪੱਡਾ) - ਨਗਰ ਨਿਗਮ ਬਟਾਲਾ ਦੀਆਂ ਚੋਣਾਂ ਦੇ ਨਤੀਜੇ ਕੱਲ ਮਿਤੀ 17 ਫਰਵਰੀ ਨੂੰ ਐਲਾਨੇ ਜਾਣਗੇ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੀ ਗਿਣਤੀ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬੇਰਿੰਗ ਕਾਲਜ ਵਿਖੇ ਬਟਾਲਾ-1 ਅਤੇ ਬਟਾਲਾ-2 ਦੀ ਕਾਊਂਟਿੰਗ ਲਈ 4-4 ਟੇਬਲ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਟਾਲਾ ਨਗਰ ਨਿਗਮ ਦੇ ਕੁੱਲ 110 ਬੂਥ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਰਾਊਂਡ ਵਿੱਚ 1 ਤੋਂ 4 ਬੂਥ ਅਤੇ 26 ਤੋਂ 29 ਬੂਥਾਂ ਦੀ ਕਾਊਂਟਿੰਗ ਹੋਵੇਗੀ। ਇਸ ਕਾਊਂਟਿੰਗ ਦੌਰਾਨ ਸਿਰਫ ਗਿਣਤੀ ਵਾਲੇ ਬੂਥਾਂ ਦੇ ਉਮੀਦਵਾਰ ਅਤੇ ਕਾਊਂਟਿੰਗ ਏਜੰਟ ਹੀ ਹਾਲ ਦੇ ਅੰਦਰ ਰਹਿਣਗੇ। ਜਦੋਂ ਇਨ੍ਹਾਂ ਚਾਰ-ਚਾਰ ਬੂਥਾਂ ਦੀ ਕਾਊਂਟਿੰਗ ਮੁਕੰਮਲ ਹੋ ਜਾਵੇਗੀ ਤਾਂ ਇਹ ਉਮੀਦਵਾਰ ਬਾਹਰ ਚਲੇ ਜਾਣਗੇ ਅਤੇ ਉਸ ਤੋਂ ਬਾਅਦ 5 ਤੋਂ 9 ਬੂਥ ਅਤੇ 30 ਤੋਂ 33 ਬੂਥਾਂ ਦੀ ਗਿਣਤੀ ਹੋਵੇਗੀ। ਇਸ ਤਰਾਂ ਹਰ ਰਾਊਂਡ ਵਿੱਚ ਚਾਰ-ਚਾਰ ਬੂਥਾਂ ਦੀ ਗਿਣਤੀ ਕੀਤੀ ਜਾਵੇਗੀ।ਐੱਸ.ਡੀ.ਐੱਮ. ਬਟਾਲਾ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਅਤੇ ਇਸ ਸਾਰੀ ਪ੍ਰੀਕ੍ਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਬੂਥ ਦੀ ਗਿਣਤੀ ਸਮੇਂ ਹੀ ਅੰਦਰ ਆ ਸਕਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੇ ਵਾਹਨਾਂ ਦੀ ਪਾਰਕਿੰਗ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਹੋਵੇਗੀ।
COMMENTS