ਜ਼ਿਲ੍ਹੇ ਦੀਆਂ ਸਹਿਕਾਰੀ ਕਿਰਤ ਤੇ ਉਸਾਰੀ ਸਭਾਵਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਹਿਰੀ ਦਫਤਰ ਅੱਗੇ ਲਾਇਆ ਗਿਆਂ ਰੋਸ ਧਰਨਾ
ਅੰਮ੍ਰਿਤਸਰ,5 ਫਰਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਦੀ ਅੰਮ੍ਰਿਤਸਰ ਸਹਿਕਾਰੀ ਕਿਰਤ ਤੇ ਉਸਾਰੀ ਯੂਨੀਅਨ ਲਿਮਟਿਡ ਅੰਮ੍ਰਿਤਸਰ ਵੱਲੋਂ ਜ਼ਿਲ੍ਹੇ ਦੀਆਂ ਸਹਿਕਾਰੀ ਲੇਬਰ ਸਭਾਵਾਂ ਦੇ ਨਾਲ ਮਿਲ ਕੇ ਨਿਗਰਾਨ ਇੰਜੀਨੀਅਰ ਨਹਿਰੀ ਅਤੇ ਡਰੇਨੇਜ਼ ਸਰਕਲ ਦੇ ਦਫਤਰ ਅੱਗੇ ਰੋਸ ਧਰਨਾ ਲਾਇਆ ਗਿਆ। ਯੂਨੀਅਨ ਦੇ ਡਾਇਰੈਕਟ ਅਜੈਬ ਸਿੰਘ ਨੰਗਲੀ, ਜਗਜੀਤ ਸਿੰਘ ਜੱਸੜ, ਪਰਮਜੀਤ ਸਿੰਘ ਗੁਮਾਨਪੁਰਾ, ਸਤਿੰਦਰ ਪਾਲ ਸਿੰਘ ਰੱਖ ਕੋਹਾਲੀ, ਕਸ਼ਮੀਰ ਸਿੰਘ ਰੋਖੇ, ਰਾਣਾ ਨਰਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਦਿਆਲ ਸਿੰਘ ਚੇਅਰਮੈਨ ਤਰਨਤਾਰਨ ਅਤੇ ਮੁਖਤਾਰ ਸਿੰਘ ਆਦਿ ਨੇ ਸੰਬੋਧਨ ਕਰਦਿਆ ਕਿਹਾ ਕਿ ਨਹਿਰੀ ਅਤੇ ਡਰੇਨੇਜ਼ ਸਰਕਲ ਅੰਮ੍ਰਿਤਸਰ ਦੇ ਅਧੀਨ ਕਾਰਜਕਾਰੀ ਇੰਜੀਨੀਅਰ ਮਜੀਠਾ ਡਵੀਜਨ, ਜੰਡਿਆਲਾ ਡਵੀਜਨ, ਅੰਮ੍ਰਿਤਸਰ ਡਰੇਨੇਜ਼ ਡਵੀਜਨ ਅਤੇ ਬਾਰੀ ਦੋਆਬ ਡਰੇਨੇਜ਼ ਡਵੀਜਨ ਵੱਲੋਂ ਮਿਤੀ 1 ਫਰਵਰੀ 2021 ਮੁਲਤਵੀ ਮਿਤੀ 8 ਫਰਵਰੀ 2021 ਨੂੰ ਵੱਖ-ਵੱਖ ਡਿਸਟਰੀਬਿਊਟਰੀਆਂ ਅਤੇ ਮਾਈਨਰ ਦੀਆਂ ਸਾਰੀਆਂ ਰੀਚਾਂ ਨੂੰ ਇਕੱਠਿਆ ਕਰਕੇ ਉਨ੍ਹਾਂ ਦਾ ਇਕੋ-ਇਕ ਕੰਮ/ਟੈਂਡਰ ਬਣਾ ਕੇ ਰਕਮ 3 ਕਰੋੜ ਤੋਂ 7 ਕਰੋੜ ਤੱਕ ਦੇ ਕੰਮਾਂ ਦੇ ਟੈਂਡਰ ਮੰਗੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਤੋਂ ਇਹ ਟੈਂਡਰ ਲੱਗੇ ਹਨ, ਉਸ ਦਿਨ ਤੋਂ ਹੀ ਨਹਿਰੀ ਸਰਕਲ ਦੇ ਨਿਗਰਾਨ ਇੰਜੀਨੀਅਰ ਸ੍ਰੀ ਕੁਲਵਿੰਦਰ ਸਿੰਘ ਅਤੇ ਡਰੇਨੇਜ਼ ਸਰਕਲ ਦੇ ਨਿਗਰਾਨ ਇੰਜੀਨੀਅਰ ਸ. ਮਨਜੀਤ ਸਿੰਘ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਲਿਖਤੀ ਪੱਤਰਾਂ ਰਾਹੀ ਵੀ ਟੈਂਡਰ ਸਬ-ਰੀਚਾਂ ਵਿਚ ਜਾਂ ਵੱਖ-ਵੱਖ ਸਲਾਈਸਾਂ ਬਣਾ ਕੇ ਦੁਬਾਰਾ ਟੈਂਡਰ ਲਗਾਉਣ ਲਈ ਬੇਨਤੀ ਕੀਤੀ ਗਈ ਸੀ, ਪਰ ਉਕਤ ਅਧਿਕਾਰੀਆਂ ਵੱਲੋਂ ਹਮੇਸ਼ਾ ਟਾਲ-ਮਟੋਲ ਕੀਤਾ ਜਾਂਦਾ ਰਿਹਾ ਹੈ। ਯੂਨੀਅਨ ਦੇ ਡਾਇਰੈਕਟਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਨੰ: 76/52/79. ਸੀ.1 (5) 8856 ਮਿਤੀ 4 ਨਵੰਬਰ 2019 ਰਾਹੀ ਸਕਿੱਲਡ ਕੰਮ 60 ਲੱਖ ਰੁਪਏ ਤੱਕ ਸਿਰਫ ਸਹਿਕਾਰੀ ਲੇਬਰ ਸਭਾਂਵਾਂ ਲਈ ਰੀਜਰਵ ਰੱਖੇ ਗਏ ਹਨ। ਵਿਭਾਗ ਦੇ ਅਧਿਕਾਰੀਆਂ ਵੱਲੋਂ ਕੰਮਾਂ ਦੇ ਟੈਂਡਰ ਲਗਾਉਣ ਸਮੇਂ ਸਰਕਾਰ ਦੇ ਇਸ ਨੋਟੀਫਿਕੇਸ਼ਨ ਨੂੰ ਪੂਰਾ-ਪੂਰਾ ਨਜ਼ਰ ਅੰਦਾਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਵਿਭਾਗ ਦੇ ਅਧਿਕਾਰੀ ਸਬ ਰੀਚਾਂ ਵਿਚ ਟੈਂਡਰ ਲਗਾਉਣ ਤਾਂ ਹਰੇਕ ਕੰਮ ਦੀ ਕੀਮਤ ਘੱਟ ਬਣੇਗੀ ਅਤੇ ਕੰਮਾਂ ਦੀ ਗਿਣਤੀ ਜਿਆਦਾ ਹੋਵੇਗੀ। ਜਿਸ ਨਾਲ ਜ਼ਿਆਦਾ ਏਜੰਸੀਆਂ ਟੈਂਡਰਾਂ ਵਿਚ ਹਿੱਸਾ ਲੈਣਗੀਆਂ ਤੇ ਟੈਂਡਰ ਰੇਟਾਂ ਵਿਚ ਕੰਪੀਟੀਸ਼ਨ ਹੋਣ ਕਾਰਨ ਟੈਂਡਰ ਰੇਟ ਘੱਟ ਆਉਣ ਨਾਲ ਸਰਕਾਰ ਦੇ ਫੰਡਾਂ ਦੀ ਦੁਰਵਰਤੋਂ ਨਹੀਂ ਹੋਵੇਗੀ। ਉਕਤ ਡਾਇਰੈਕਟਾਂ ਨੇ ਦੱਸਿਆ ਕਿ ਜੇਕਰ ਕੰਮ/ ਟੈਂਡਰ ਕਲੱਬ ਕਰਕੇ ਹੀ ਪ੍ਰਾਪਤ ਕੀਤੇ ਜਾਂਦੇ ਹਨ ਤਾਂ ਸਿਰਫ 3-4 ਏਜੰਸੀਆਂ ਸਰਮਾਏਦਾਰ ਫਰਮਾਂ, ਠੇਕੇਦਾਰ ਟੈਂਡਰਾਂ ‘ਚ ਹਿੱਸਾ ਲੈ ਕੇ ਕੰਮ ਪ੍ਰਾਪਤ ਕਰ ਸੱਕਣਗੇ ਅਤੇ ਟੈਂਡਰ ਰੇਟਾਂ ਵਿਚ ਕੰਪੀਟੀਸ਼ਨ ਨਹੀਂ ਹੋਵੇਗਾ ਤੇ ਰੇਟ ਵੱਧ ਜਾਣ ਨਾਲ ਸਰਕਾਰ ਦੇ ਫੰਡਾਂ ਦਾ ਵੀ ਨੁਕਸਾਨ ਹੋਵੇਗਾ। ਉਨ੍ਹਾਂ ਅੱੱਗੇ ਕਿਹਾ ਕਿ ਸਬੰਧਤ ਅਧਿਕਾਰੀਆਂ ਵੱਲੋਂ ਕਲੱਬ ਕਰਕੇ ਇਕੋ ਟੈਂਡਰ ਲਗਾ ਕੇ ਸਭਾਵਾਂ ਨਾਲ ਗਰੀਬ ਮਾਰੂ ਨੀਤੀ ਅਪਣਾਈ ਗਈ ਹੈ ਅਤੇ ਸਹਿਕਾਰੀ ਲੇਬਰ ਸਭਾਵਾਂ ਦੇ ਹੱਕ ਖੋਹੇ ਗਏ ਹਨ। ਇਸ ਮੋਕੇ ਨਰਿੰਦਰ ਸਿੰਘ ਰੋਖੇ, ਦਲਬੀਰ ਸਿੰਘ ਮੀਰੀ ਪੀਰੀ ਸਭਾ, ਗੁਰਮੇਜ਼ ਸਿੰਘ ਜੈਠੂਵਾਲ, ਸੁਖਦੇਵ ਸਿੰਘ ਤੋਂ ਇਲਾਵਾ ਕਈ ਹੋਰ ਪਤਵੰਤੇ ਹਾਜ਼ਰ ਸਨ। ਇਸ ਸਬੰਧੀ ਜਦ ਨਿਗਰਾਨ ਇੰਜੀਨੀਅਰ ਸ੍ਰੀ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਕੰਮਾਂ ਦੇ ਟੈਂਡਰ ਲਗਾਏ ਹਨ, ਉਹ ਬਿਲਕੁਲ ਸਹੀ ਹਨ ਅਤੇ ਜਿਹੜੀ ਕੋਈ ਸੁਸਾਇਟੀ ਕੁਆਲੀਫਾਈ ਕਰਦੀ ਹੈ ਤਾਂ ਉਹ ਵੀ ਆ ਸਕਦੀ ਹੈ। ਉਨ੍ਹਾਂ ਵੱਲੋਂ ਕੋਈ ਸਪੈਂਸ਼ਲ ਕੰਡੀਸ਼ਨ ਨਹੀ ਲਗਾਈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਮਨਾਹੀ ਹੈ।
ਕੈਪਸ਼ਨ: ਅੰਮ੍ਰਿਤਸਰ ਸਹਿਕਾਰੀ ਕਿਰਤ ਤੇ ਉਸਾਰੀ ਯੂਨੀਅਨ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਨਹਿਰੀ ਦਫਤਰ ਅੱਗੇ ਰੋਸ ਧਰਨਾ ਲਾਉਦੇ ਹੋਏ ਯੂਨੀਅਨ ਦੇ ਡਾਇਰੈਕਟ ਅਜੈਬ ਸਿੰਘ ਨੰਗਲੀ, ਜਗਜੀਤ ਸਿੰਘ ਜੱਸੜ, ਪਰਮਜੀਤ ਸਿੰਘ ਗੁਮਾਨਪੁਰਾ, ਸਤਿੰਦਰ ਪਾਲ ਸਿੰਘ ਰੱਖ ਕੋਹਾਲੀ ਅਤੇ ਹੋਰ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
COMMENTS