ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਮਨਬੀਰ ਕੌਰ ਅਤੇ ਕਿਰਨ ਨੇ ਪੰਜਾਬ ਸਰਕਾਰ ਦਾ ਸਮਾਰਟ ਫੋਨ ਲਈ ਧੰਨਵਾਦ ਕੀਤਾ
ਕੋਰੋਨਾ ਕਾਲ ਦੌਰਾਨ ਸਮਾਰਟ ਫੋਨ ਰਾਹੀਂ ਪੜ੍ਹਾਈ ’ਚ ਨਹੀਂ ਆਈ ਕੋਈ ਰੁਕਾਵਟ - ਵਿਦਿਆਰਥਣਾਂ
ਬਟਾਲਾ, 25 ਜਨਵਰੀ (ਅਸ਼ੋਕ ਜੜੇਵਾਲ ਜਸਬੀਰ ਸਿੰਘ) - ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਸਿੱਖਿਅਤ ਕਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਜਿਥੇ ਲੜਕੀਆਂ ਨੂੰ ਕਿਤਾਬਾਂ, ਵਰਦੀਆਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਓਥੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਮਾਰਟ ਫੋਨ ਦੇ ਕੇ ਉਨ੍ਹਾਂ ਨੂੰ ‘ਹਾਈਟੈਕ’ ਕਰ ਦਿੱਤਾ ਹੈ। ਕਰੋਨਾ ਕਾਲ ਦੌਰਾਨ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਬੱਚਿਆਂ ਦੀ ਪੜਾਈ ’ਚ ਕੋਈ ਰੁਕਾਵਟ ਨਹੀਂ ਆਈ ਅਤੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਆਨ-ਲਾਈਨ ਪੜ੍ਹਾਈ ਕਰਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਹੈ। ਪੰਜਾਬ ਸਰਕਾਰ ਦੀ ਸਮਾਰਟ ਫੋਨ ਯੋਜਨਾ ਨੇ ਵਿਦਿਆਰਥਣਾਂ ਦੀ ਪੜ੍ਹਾਈ ਨੂੰ ਅਸਾਨ ਕਰ ਦਿੱਤਾ ਹੈ ਅਤੇ ਵਿਦਿਆਰਥਣਾਂ ਇਨ੍ਹਾਂ ਫੋਨਾਂ ਨੂੰ ਪ੍ਰਾਪਤ ਕਰਕੇ ਪੂਰੀ ਤਰ੍ਹਾਂ ਖੁਸ਼ ਹਨ। ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਭੁੱਲਰ ਵਿਖੇ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਮਨਬੀਰ ਕੌਰ ਅਤੇ ਕਿਰਨ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਹਿ ਰਹੀਆਂ ਹਨ ਕਿ ਇਸ ਨਾਲ ਜਿਥੇ ਕਰੋਨਾ ਮਹਾਮਾਰੀ ਦੇ ਸਮੇਂ ਵੀ ਨਿਰਵਿਘਨ ਆਨਲਾਈਨ ਪੜਾਈ ਜਾਰੀ ਰੱਖ ਸਕੀਆਂ ਹਨ ਉਥੇ ਈ.ਕੰਟੈਂਟ ਰਾਹੀਂ ਪੜ੍ਹਾਈ ਕਰਨ ਵਿਚ ਵੀ ਕਾਮਯਾਬ ਹੋਈਆਂ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਸਮਾਰਟ ਫੋਨ ਰਾਹੀਂ ਉਹ ਕਿਤੇ ਵੀ ਬੈਠ ਕੇ ਅਧਿਆਪਕਾਂ ਨਾਲ ਜ਼ੂਮ ਐਪ ਰਾਹੀਂ ਰੂਬਰੂ ਹੋ ਕੇ ਪੜ੍ਹਾਈ ਕਰ ਸਕੀਆਂ ਹਨ ਅਤੇ ਆਨਲਾਈਨ ਮਾਧਿਅਮ ਰਾਹੀਂ ਕਿਸੇ ਵੀ ਸਮੇਂ ਅਧਿਆਪਕ ਨਾਲ ਪੜ੍ਹਾਈ ’ਚ ਪੇਸ਼ ਆਉਂਦੀਆਂ ਸਮੱਸਿਆਵਾਂ ਦਾ ਹਲ ਕਰ ਸਕਦੀਆਂ ਹਨ। ਵਿਦਿਆਰਥਣ ਮਨਬੀਰ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਪੰਜਾਬ ਐਜੂਕੇਟ ਐਪ ਰਾਹੀਂ ਉਨ੍ਹਾਂ ਨੂੰ ਈ.ਕੰਟੈਂਟ ਮਟੀਰੀਅਲ ਪ੍ਰਾਪਤ ਹੋ ਰਿਹਾ ਹੈ ਜਿਸ ਨਾਲ ਪੜ੍ਹਾਈ ਹੋਰ ਸੁਖਾਲੀ ਹੋ ਸਕੀ ਹੈ। ਉਸਨੇ ਕਿਹਾ ਕਿ ਤਾਲਾਬੰਦੀ ਦੇ ਸਮੇਂ ਵੀ ਉਸ ਨੂੰ ਪੜ੍ਹਾਈ ’ਚ ਕੋਈ ਰੁਕਾਵਟ ਨਹੀਂ ਆਈ। ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਉਨਾਂ ਨੂੰ ਪੜ੍ਹਾਈ ਲਈ ਦਿੱਤੇ ਸਮਾਰਟ ਫੋਨਾਂ ਲਈ ਧੰਨਵਾਦ ਕੀਤਾ ਹੈ।
ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੇ ਮਾਪਿਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਪੰਜਾਬ ਸਮਾਰਟ ਕੁਨੈਕਟ ਸਕੀਮ ਵਿਦਿਆਰਥੀ ਵਰਗ ਲਈ ਲਾਹੇਵੰਦ ਸਾਬਿਤ ਹੋਈ ਹੈ। ਇਸ ਨਾਲ ਵਿਦਿਆਰਥੀ ਪੜ੍ਹਾਈ ਦੇ ਨਾਲ ਜੁੜੇ ਰਹੇ ਹਨ ਤੇ ਪੜ੍ਹਾਈ ਦਾ ਕੋਈ ਨੁਕਸਾਨ ਨਹੀਂ ਹੋਇਆ ਜ਼ੋ ਕਿ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ।
COMMENTS