ਹੈਰੀਟੇਜ ਸੁਸਾਇਟੀ ਬਟਾਲਾ ਨੇ ਪਿੰਡ ਮਿਰਜਾ ਜਾਨ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਲ੍ਹੇ ਨੂੰ ਬਚਾਉਣ ਲਈ ਪਿੰਡ ਵਾਸੀਆਂ ਨਾਲ ਸੰਵਾਦ ਰਚਾਇਆ
ਕਿਲ੍ਹੇ ਦੀ ਸੰਭਾਲ ਅਤੇ ਇਸਦੇ ਇਤਿਹਾਸ ਨੂੰ ਦੁਨੀਆਂ ਸਾਹਮਣੇ ਲਿਆਉਣ ਲਈ ਕੀਤੀਆਂ ਵਿਚਾਰਾਂ
ਬਟਾਲਾ, 17 ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ ਜਸਬੀਰ ਸਿੰਘ) - ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਪਿੰਡ ਮਿਰਜਾ ਜਾਨ ਵਿਖੇ ਕਿਲ੍ਹੇ ਦੇ ਰੂਪ ਵਿੱਚ ਯਾਦਗਾਰ ਨੂੰ ਬਚਾਉਣ ਅਤੇ ਇਸਦੇ ਇਤਿਹਾਸ ਨੂੰ ਉਜ਼ਾਗਰ ਕਰਨ ਲਈ ਹੈਰੀਟੇਜ ਸੁਸਾਇਟੀ ਬਟਾਲਾ ਵੱਲੋਂ ਅੱਜ ਪਿੰਡ ਮਿਰਜਾ ਜਾਨ ਵਿਖੇ ਪਿੰਡ ਵਾਸੀਆਂ ਨਾਲ ਸੰਵਾਦ ਰਚਾਇਆ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਹੈਰੀਟੇਜ ਸੁਸਾਇਟੀ ਬਟਾਲਾ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ, ਬਲਦੇਵ ਸਿੰਘ ਰੰਧਾਵਾ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਲਾਡੀ ਜੱਸਲ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਉੱਪਰ ਚਾਨਣਾ ਪਾਉਣ ਦੇ ਨਾਲ ਵਿਸ਼ੇਸ਼ ਕਰਕੇ ਪਿੰਡ ਮਿਰਜਾ ਜਾਨ ਨਾਲ ਜੁੜੇ ਬਾਬਾ ਜੀ ਦੇ ਇਤਿਹਾਸ ਬਾਰੇ ਦੱਸਿਆ ਗਿਆ। ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਸੰਨ 1715 ਵਿੱਚ ਪਿੰਡ ਮਿਰਜਾ ਜਾਨ ਵਿਖੇ ਬਾਬਾ ਜੀ ਨੇ ਇੱਕ ਕਿਲ੍ਹੇ ਦੀ ਉਸਾਰੀ ਕੀਤੀ ਸੀ ਅਤੇ ਇਥੇ ਹੀ ਉਨ੍ਹਾਂ ਦੀ ਮੁਗਲ ਫ਼ੌਜਾਂ ਨਾਲ ਭਾਰੀ ਜੰਗ ਹੋਈ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਿੰਘਾਂ ਦਾ ਖੂਨ ਇਸ ਧਰਤੀ ਉੱਪਰ ਡੁੱਲਿਆ ਹੈ, ਜਿਸ ਕਾਰਨ ਇਹ ਧਰਤੀ ਪੂਜਣਯੋਗ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਬਣਾਏ ਕਿਲ੍ਹੇ ਦੀ ਸੰਭਾਲ ਲਈ ਪੂਰੀ ਤਰ੍ਹਾਂ ਸੁਹਿਰਦ ਹੋਣ ਅਤੇ ਕੌਮ ਦੀ ਇਸ ਬੇਸ਼ਕੀਮਤੀ ਵਿਰਾਸਤ ਨੂੰ ਸਾਂਭਣ ਲਈ ਸਮੂਹਿਕ ਤੌਰ ’ਤੇ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਹੈਰੀਟੇਜ ਸੁਸਾਇਟੀ ਬਟਾਲਾ ਵੱਲੋਂ ਇਸ ਕੌਮੀ ਕਾਰਜ ਵਿੱਚ ਹਰ ਸੰਭਵ ਯੋਗਦਾਨ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਮਿਰਜਾ ਜਾਨ ਨਾਲ ਸਬੰਧਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੌਰਵਮਈ ਇਤਿਹਾਸ ਨੂੰ ਉਜ਼ਾਗਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਇਸ ਮੌਕੇ ਪਿੰਡ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਹਿਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਮਾਰਚ ਮਹੀਨੇ ਦੇ ਆਖਰੀ ਹਫ਼ਤੇ ਪਿੰਡ ਮਿਰਜਾ ਜਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ ਜਿਸ ਦੌਰਾਨ ਇਲਾਕੇ ਭਰ ਦੀਆਂ ਸੰਗਤਾਂ ਨੂੰ ਪਿੰਡ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਹੈਰੀਟੇਜ ਸੁਸਾਇਟੀ ਵੱਲੋਂ ਸ. ਸੁਖਦੇਵ ਸਿੰਘ ਯੂ.ਐੱਸ.ਏ. ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਉੱਪਰ ਅਧਾਰਿਤ ਕਿਤਾਬਾਂ ਦੀ ਵੰਡ ਕੀਤੀ ਗਈ। ਇਸ ਮੌਕੇ ਬਲਦੇਵ ਸਿੰਘ ਰੰਧਾਵਾ, ਲਾਡੀ ਜੱਸਲ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ ਮੱਲੀ, ਪੋਰਸ ਪੰਜਾਬ ਸਿੰਘ, ਜਸਬੀਰ ਸਿੰਘ, ਬਲਾਕ ਸੰਮਤੀ ਮੈਂਬਰ ਪਲਵਿੰਦਰ ਸਿੰਘ ਬਿਜਲੀਵਾਲ, ਵੈਬੀਜੋਤ ਸਿੰਘ ਕਾਹਲੋਂ, ਸ਼ਗਨਦੀਪ ਸਿੰਘ, ਬਲਜਿੰਦਰ ਸਿੰਘ ਮੈਂਬਰ ਪੰਚਾਇਤ, ਸਤਨਾਮ ਸਿੰਘ ਨੰਬਰਦਾਰ, ਜਥੇਦਾਰ ਗੁਰਵੰਤ ਸਿੰਘ, ਕਰਨਦੀਪ ਸਿੰਘ ਬਾਜਵਾ, ਜਸਪਾਲ ਕੈਂਥ, ਜਗੀਰ ਸਿੰਘ, ਡਾਕਟਰ ਅਜੀਤ ਸਿੰਘ, ਮਾਸਟਰ ਹਰਭਜਨ ਸਿੰਘ, ਮਾਸਟਰ ਸੁਰਜੀਤ ਸਿੰਘ, ਸਤਪਾਲ ਸਿੰਘ, ਜਸਬੀਰ ਦਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
COMMENTS