ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਪਿੰਡਾਂ ਵਿੱਚ ਜਾਗੋ ਕੱਢ ਕੇ ਨਵ-ਜਨਮੀਆਂ ਧੀਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ
ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਅੱਜ ਹੋਵੇਗਾ ਧੀਆਂ ਦੀ ਲੋਹੜੀ ਦਾ ਵਿਸ਼ੇਸ਼ ਸਮਾਗਮ
ਬਟਾਲਾ, 21 ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ) - ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਅੱਜ ਤਹਿਸੀਲ ਬਟਾਲਾ ਦੇ ਪਿੰਡਾਂ ਵਿੱਚ ਜਾਗੋ ਕੱਢ ਕੇ ਨਵ-ਜਨਮੀਆਂ ਧੀਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ। ਬਲਾਕ ਬਟਾਲਾ, ਫ਼ਤਹਿਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ ਅਤੇ ਕਾਦੀਆਂ ਦੇ ਸੀ.ਡੀ.ਪੀ.ਓਜ਼ ਦੀ ਅਗਵਾਈ ਹੇਠ ਸੁਪਰਵਾਈਜ਼ਰ ਅਤੇ ਆਂਗਨਵਾੜੀ ਵਰਕਰਾਂ ਵੱਲੋਂ ਇਹ ਜਾਗੋ ਕੱਢੀਆਂ ਗਈਆਂ। ਜਾਗੋ ਦੌਰਾਨ ਪਿੰਡਾਂ ਦੀ ਸੁਆਣੀਆਂ ਨੇ ਇਕੱਠਿਆਂ ਹੋ ਕੋ ਖੁਸ਼ੀ ਦੇ ਗੀਤ ਗਾਏ ਅਤੇ ਨਵ-ਜਨਮੀਆਂ ਧੀਆਂ ਦੇ ਘਰ ਪਹੁੰਚ ਕੇ ਮਾਪਿਆਂ ਨੂੰ ਵਧਾਈ ਦਿੱਤੀ। ਸੀ.ਡੀ.ਪੀ.ਓ. ਬਟਾਲਾ ਵਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਲੜਕੀਆਂ ਦੇ ਲਿੰਗ ਅਨੁਪਾਤ ਵਿੱਚ ਸੁਧਾਰ ਲਿਆਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਤਹਿਸੀਲ ਬਟਾਲਾ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ ਜਾਗੋ ਕੱਢੀਆਂ ਗਈਆਂ ਹਨ ਅਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਧੀਆਂ ਕਿਸੇ ਵੀ ਤਰਾਂ ਲੜਕਿਆਂ ਨਾਲੋਂ ਘੱਟ ਨਹੀਂ ਹਨ ਇਸ ਲਈ ਧੀਆਂ ਨੂੰ ਜਨਮ ਦੇਣ ਦੇ ਨਾਲ ਉਨ੍ਹਾਂ ਨੂੰ ਅੱਗੇ ਵੱਧਣ ਦੇ ਮੌਕੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਤਾਂ ਲੜਕੀਆਂ ਨੇ ਲੜਕਿਆਂ ਨਾਲੋਂ ਵੀ ਵੱਧ ਮੁਕਾਮ ਹਾਸਲ ਕਰਕੇ ਸਮਾਜ ਦੀ ਧੀਆਂ ਪ੍ਰਤੀ ਧਾਰਨਾ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਅੱਜ ਦੀ ਜਾਗੋ ਦੌਰਾਨ ਵੀ ਵਿਭਾਗ ਵੱਲੋਂ ਲੋਕਾਂ ਨੂੰ ਲੜਕੀਆਂ ਪ੍ਰਤੀ ਆਪਣੀ ਸੋਚ ਬਦਲਣ ਲਈ ਜਾਗਰੂਕ ਕੀਤਾ ਗਿਆ ਹੈ।
ਸੀ.ਡੀ.ਪੀ.ਓ. ਬਟਾਲਾ ਵਰਿੰਦਰ ਸਿੰਘ ਨੇ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਿਤੀ 22 ਜਨਵਰੀ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਪੁਰਾ ਧੰਦੋਈ ਵਿਖੇ ਧੀਆਂ ਦੀ ਲੋਹੜੀ ਦਾ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਿਭਾਗ ਵੱਲੋਂ ਨਵ-ਜਨਮੀਆਂ ਧੀਆਂ ਨੂੰ ਲੋਹੜੀ ਪਾਈ ਜਾਵੇਗੀ। ਉਨ੍ਹਾਂ ਨਵ-ਜਨਮੀਆਂ ਧੀਆਂ ਦੇ ਮਾਪਿਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ।

COMMENTS