ਧੰਨ ਜਿਗਰੇ ਨੇ ਸਾਡੀਆਂ ਮਾਵਾਂ-ਭੈਣਾਂ ਦੇ, ਲਾਹਨਤ ਹੈ ਸਮੇਂ ਦੀਆਂ ਸਰਕਾਰਾਂ ‘ਤੇ- ਸੰਧੂ ਰਣੀਕੇ
ਅਮ੍ਰਿੰਤਸਰ ,18 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ) - ਪਿਛਲੇ ਤਿੰਨ ਮਹੀਨਿਆਂ ਤੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੰਜਾਬ ‘ਚੋ ਜੋ ਵਿਰੋਧ ਸ਼ੁਰੂ ਹੋਇਆਂ ਸੀ, ਉਸ ਦਾ ਅੱਜ ਦੇਸ਼ ਦੇ ਬਾਕੀ ਸੂਬਿਆਂ ਦੇ ਕਿਸਾਨਾਂ ਵੱਲੋਂ ਭਰਪੂਰ ਸਮੱਰਥਨ ਦੇਣਾ ਇਕ ਬਹੁਤ ਹੀ ਸਲਾਘਾਯੋਗ ਕਦਮ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਸ. ਪੂਰਨ ਸਿੰਘ ਸੰਧੂ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਿਹੜੇ ਕਾਲੇ ਖੇਤੀ ਕਨੂੰਨ ਬਣਾਏ ਹਨ, ਉਹ ਕਾਰਪੋਰੇਟ ਘਰਾਣਿਆਂ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਅਮੀਰਾਂ ਨੂੰ ਹੋਰ ਅਮੀਰ ਕਰਨ ਲਈ ਬਣਾਏ ਗਏ ਹਨ। ਸੰਧੂ ਰਣੀਕੇ ਨੇ ਅੱਗੇ ਕਿਹਾ ਕਿ ਇੰਨ੍ਹਾਂ ਤਿੰਨਾਂ ਕਾਲੇ ਕਨੂੰਨਾਂ ਖਿਲਾਫ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚੋ ਕਿਸਾਨ, ਮਜ਼ਦੂਰ ਅਤੇ ਹੋਰ ਕਿਿਤਆ ਨਾਲ ਸਬੰਧਤ ਲੋਕ ਦਿੱਲੀ ਦੇ ਬਾਰਡਰਾਂ ‘ਤੇ ਕਰੀਬ 50 ਦਿੰਨਾਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਆਪ ਮੁਹਾਰੇ ਸ਼ਾਮਿਲ ਹੋ ਕੇ ਇਕਮੁੱਠਤਾ ਦਾ ਸਬੂਤ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿਚ ਜਾਗਦੀਆਂ ਜ਼ਮੀਰਾਂ ਵਾਲੇ, ਜਿੰਨ੍ਹਾਂ ਨੂੰ ਪਤਾ ਹੈ ਕਿ ਇਹ ਕਾਨੂੰਨ ਸਾਡੇ ਲਈ ਹੀ ਨਹੀਂ, ਬਲਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਵੀ ਖਤਰਨਾਕ ਸਾਬਿਤ ਹੋਣਗੇ ਅਤੇ ਕਿਸਾਨੀ ਖੇਤੀ ਬਰਬਾਦੀ ਦੇ ਕੰਢੇ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਕਰਜ਼ੇ ਦੇ ਬੋਝ ਥੱਲੇ ਦੱਬ ਕੇ ਪਹਿਲਾਂ ਹੀ ਆਤਮ ਹੱਤਿਆਵਾਂ ਕਰ ਰਿਹਾ ਹੈ ਅਤੇ ਕਾਲੇ ਕਾਨੂੰਨ ਲਾਗੂ ਹੋਣ ਨਾਲ ਇਸ ਦੀ ਗਿਣਤੀ ‘ਚ ਹੋਰ ਵਾਧਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਇੰਨੀਆਂ ਜਿਆਦਾ ਮੌਤਾਂ ਦਾ ਹੋਣਾ ਬਹੁਤ ਦੁਖਦਾਈ ਹੈ ਅਤੇ ਜਦ ਮੋਰਚੇ ‘ਚੋ ਕਿਸੇ ਬਜ਼ੁਰਗ ਜਾਂ ਨੋਜ਼ਵਾਨ ਦੀ ਮੌਤ ਦੀ ਖਬਰ ਆਉਦੀ ਹੈ ਤਾਂ ਹਿਰਦੇ ਵਲੂੰਧਰੇ ਜਾਂਦੇ ਹਨ, ਪਰ ਇੰਨ੍ਹਾਂ ਕੁੱਝ ਹੋਣ ਦੇ ਬਾਵਜ਼ੂਦ ਵੀ ਮੋਦੀ ਸਰਕਾਰ ਦੇ ਕੰਨਾਂ ‘ਤੇ ਜੂ ਤੱਕ ਨਹੀਂ ਸ਼ਰਕ ਰਹੀ। ਸੰਧੂ ਰਣੀਕੇ ਨੇ ਕਿਹਾ ਕਿ ਇਸ ਕਿਸਾਨੀ ਸੰਘਰਸ਼ ‘ਚ ਅੱਥਰੂ ਆਪ ਮੁਹਾਰੇ ਬਹਿ ਤੁਰਦੇ ਹਨ, ਜਦ ਮਾਈ ਭਾਗੋ ਦੀਆਂ ਵਾਰਸਾ ਅਤੇ ਮੇਰੀਆਂ ਮਾਵਾਂ-ਭੈਣਾਂ ਆਪਣੀ ਹੋਂਦ ਬਚਾਉਣ ਲਈ ਆਪਣੀ ਕੁੱਛੜ ‘ਚ ਨਿੱਕੇ-ਕਿੱਨੇ ਬੱਚਿਆਂ ਨੂੰ ਲੈ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਦਿੱਲੀ ਘੋਲ ਵਿਚ ਜੂਝ ਰਹੀਆਂ ਹਨ। ਉਨ੍ਹਾਂ ਅਖੀਰ ਵਿਚ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਅਜੇ ਵੀ ਡੁੱਲੇ ਬੇਰਾ ਦਾ ਕੁੱਝ ਨਹੀਂ ਵਿਗੜਿਆ ਆਪਣੇ ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਿਸ ਲੈ ਕੇ ਕਿਸਾਨ ਹਿਤੇਸ਼ੀ ਹੋਣ ਦਾ ਸਬੂਤ ਦੇਣ ਲਈ ਅੱਗੇ ਆਉਣ।
ਕੈਪਸ਼ਨ: ਸ. ਪੂਰਨ ਸਿੰਘ ਸੰਧੂ ਰਣੀਕੇ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।

COMMENTS