ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਤਹਿਤ ਕੈਂਪ ਲਗਾ ਕੇ ਬੱਸਾਂ ਦੇ ਡਰਾਇਵਰਾਂ ਦੀ ਨਜ਼ਰ ਚੈੱਕ ਕੀਤੀ
ਬਟਾਲਾ, 21 ਜਨਵਰੀ (ਅਸ਼ੋਕ ਜੜੇਵਾਲ ਅਨੀਲ ਕੁਮਾਰ) - ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਦੇ ਤਹਿਤ ਟ੍ਰਾਂਸਪੋਰਟ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਅੱਜ ਬਟਾਲਾ ਦੇ ਬੱਸ ਅੱਡੇ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾ ਕੇ ਬੱਸ ਡਰਾਇਵਰਾਂ ਦੀ ਨਜ਼ਰ ਚੈੱਕ ਕੀਤੀ ਗਈ। ਜ਼ਿਲਾ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਸ੍ਰੀ ਬਲਦੇਵ ਸਿੰਘ ਰੰਧਾਵਾ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ 50 ਦੇ ਕਰੀਬ ਬੱਸ ਡਰਾਇਵਰਾਂ ਦੀ ਨਜ਼ਰ ਦਾ ਚੈੱਕਅਪ ਕੀਤਾ ਗਿਆ।
ਆਰ.ਟੀ.ਏ. ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਉਮਰ ਦੇ ਵੱਧਣ ਨਾਲ ਅਕਸਰ ਹੀ ਨਜ਼ਰ ਘੱਟ ਜਾਂਦੀ ਹੈ ਅਤੇ ਡਰਾਇਵਰ ਨੂੰ ਠੀਕ ਤਰ੍ਹਾਂ ਦਿਖਾਈ ਨਾ ਦੇਣ ਕਾਰਨ ਸੜਕ ਹਾਦਸੇ ਵਾਪਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਤਹਿਤ ਜਿਥੇ ਟਰਾਂਸਪੋਰਟ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਹੋਰ ਗਤੀਵਿਧੀਆਂ ਕੀਤੀ ਜਾ ਰਹੀਆਂ ਹਨ ਓਥੇ ਡਰਾਇਵਰਾਂ ਦੀ ਨਜ਼ਰ ਚੈੱਕ ਕਰਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਸ੍ਰੀ ਰੰਧਾਵਾ ਨੇ ਦੱਸਿਆ ਕਿ ਅੱਜ ਬਟਾਲਾ ਦੇ ਬੱਸ ਅੱਡੇ ਵਿੱਚ ਲੱਗੇ ਇਸ ਕੈਂਪ ਦੌਰਾਨ 50 ਤੋਂ ਵੱਧ ਡਰਾਇਵਰਾਂ ਦੀ ਨਜ਼ਰ ਚੈੱਕ ਕੀਤੀ ਗਈ ਹੈ ਅਤੇ ਜਿਨ੍ਹਾਂ ਦੀ ਨਜ਼ਰ ਘੱਟ ਸੀ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਐਨਕ ਲਗਾਉਣ ਲਈ ਕਿਹਾ ਗਿਆ ਹੈ।
ਆਰ.ਟੀ.ਏ ਬਲਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਸਹਿਯੋਗ ਨਾਲ ਜਿਥੇ ਡਰਾਇਵਰਾਂ ਦੀ ਨਜ਼ਰ ਚੈੱਕ ਕੀਤੀ ਗਈ ਹੈ ਓਥੇ ਟਰਾਂਸਪੋਰਟ ਵਿਭਾਗ ਵੱਲੋਂ ਉਨ੍ਹਾਂ ਨੂੰ ਸੜਕੀ ਨਿਯਮਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਸਾਂ ਦੇ ਡਰਾਇਵਰਾਂ ਨੂੰ ਆਵਾਜਾਈ ਨਿਯਮਾਂ ਦੀ ਜਾਣਕਾਰੀ ਹੋਣੀ ਅਤੇ ਉਹ ਡਰਾਇਵਰੀ ਕਰਨ ਲਈ ਪੂਰੀ ਤਰ੍ਹਾਂ ਫਿੱਟ ਹੋਣ ਇਹ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਮੁਹਿੰਮ ਦੇ ਚੱਲਦਿਆਂ ਟਰਾਂਸਪੋਰਟ ਵਿਭਾਗ ਵੱਲੋਂ ਅਜਿਹੀਆਂ ਹੋਰ ਵੀ ਗਤੀਵਿਧੀਆਂ ਕੀਤੀਆਂ ਜਾਣਗੀਆਂ।
COMMENTS