ਹਰ ਸ਼ਹਿਰ ਵਾਸੀ ਆਪਣੇ ਘਰ ਵਿੱਚ ਹੀ ਗਿੱਲਾ ਤੇ ਸੁੱਕਾ ਕੂੜਾ ਸੈਗਰੀਗੇਟ ਕਰੇ - ਕਮਿਸ਼ਨਰ ਨਗਰ ਨਿਗਮ
ਨਗਰ ਨਿਗਮ ਨੇ ਕੂੜੇ ਦੀ ਸੈਗਰੀਗੇਸ਼ਨ ਲਈ ਸ਼ਹਿਰ ਵਾਸੀਆਂ ਕੋਲੋਂ ਸਹਿਯੋਗ ਦੀ ਮੰਗ ਕੀਤੀ
ਬਟਾਲਾ 14 ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ) - ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਸ. ਬਲਵਿੰਦਰ ਸਿੰਘ ਨੇ ਸਮੂਹ ਬਟਾਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਦੋ ਕੂੜੇਦਾਨ ਲਗਾ ਕੇ ਉਨ੍ਹਾਂ ਵਿੱਚ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਾਸੀ ਏਨਾ ਕੰਮ ਕਰ ਲੈਣ ਤਾਂ ਸ਼ਹਿਰ ਨੂੰ ਬੜੀ ਅਸਾਨੀ ਨਾਲ ਸਾਫ਼-ਸੁਥਰਾ ਤੇ ਕੂੜਾ ਮੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਗਿੱਲੇ ਤੇ ਸੁੱਕੇ ਕੂੜੇ ਨੂੰ ਮਿਕਸ ਕਰ ਦਿੰਦੇ ਹਨ ਤਾਂ ਫਿਰ ਉਸ ਕੂੜੇ ਦਾ ਨਿਪਟਾਰਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਜੋ ਕਿ ਗੰਦਗੀ ਅਤੇ ਬਿਮਾਰੀਆਂ ਦਾ ਕਾਰਨ ਬਣਦਾ ਹੈ। ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ‘ਮੇਰਾ ਕੂੜਾ, ਮੇਰੀ ਜਿੰਮੇਵਾਰੀ’ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਸੁੱਕੇ ਤੇ ਗਿੱਲੇ ਕੂੜੇ ਨੂੰ ਸੈਗਰੀਗੇਟ ਕਰਕੇ ਉਸਦਾ ਵਿਗਿਆਨਿਕ ਵਿਧੀ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਘਰਾਂ ਵਿੱਚੋਂ ਸੁੱਕਾ ਤੇ ਗਿੱਲਾ ਕੂੜਾ ਅੱਡ-ਅੱਡ ਇਕੱਤਰ ਕਰਨ ਅਤੇ ਗਿੱਲੇ ਕੂੜੇ ਨੂੰ ਕੰਪੋਸਟ ਪਿੱਟਸ ਅਤੇ ਸੁੱਕੇ ਕੂੜੇ ਨੂੰ ਐੱਮ.ਆਰ.ਐੱਫ. ਯੁਨਿਟ ਵਿਖੇ ਲਿਜਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਗਰ ਨਿਗਮ ਨੇ ਕੂੜਾ ਡੰਪਸ ਉੱਪਰ ਡਰੰਮ ਲਗਾਏ ਹਨ ਜਿਥੇ ਲੋਕਾਂ ਨੂੰ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਡਰੰਮਾਂ ਵਿੱਚ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਜਿਥੇ ਸਫ਼ਾਈ ਕਰਮਚਾਰੀ ਲੱਗੇ ਹੋਏ ਹਨ ਉਥੇ ਸਭ ਤੋਂ ਅਹਿਮ ਰੋਲ ਆਮ ਜਨਤਾ ਦਾ ਹੈ। ਕਮਿਸ਼ਨਰ ਨਗਰ ਨਿਗਮ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਘਰ ਵਿੱਚ ਹੀ ਗਿੱਲਾ ਤੇ ਸੁੱਕਾ ਕੂੜਾ ਸੈਗਰੀਗੇਟ ਹੋ ਜਾਵੇ ਤਾਂ ਫਿਰ ਕੂੜੇ ਦੇ ਨਿਪਟਾਰੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਉਂਦੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਕੋਲੋਂ ਕੂੜੇ ਦੀ ਸੈਗਰੀਗੇਸ਼ਨ ਲਈ ਸਹਿਯੋਗ ਦੀ ਮੰਗ ਕੀਤੀ ਹੈ।
COMMENTS