ਡੀ.ਸੀ ਵੱਲੋਂ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਬਿਨੈਕਾਰਾਂ ਦੇ ਈ-ਕਾਰਡ ਬਣਾਉਣ ਦੀ ਮੁਹਿੰਮ ਤੇਜ਼ ਕਰਨ ਦੇ ਆਦੇਸ਼
ਯੋਗ ਲਾਭਪਾਤਰੀ ਆਪਣੇ ਸਿਹਤ ਬੀਮਾ ਯੋਜਨਾ ਦਾ ਕਾਰਡ ਜਰੂਰ ਬਣਵਾਉਣ - ਡਿਪਟੀ ਕਮਿਸ਼ਨਰ
ਬਟਾਲਾ, 15 ਫਰਵਰੀ ( ਨੀਰਜ ਸ਼ਰਮਾ ਜਸਬੀਰ ਸਿੰਘ) ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੇ ਤਹਿਤ ਯੋਗ ਲਾਭਪਾਤਰੀਆਂ ਦੇ ਈ ਕਾਰਡ ਬਣਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜ਼ਿਲ੍ਹੇ ਦੇ ਹਰ ਲਾਭਪਾਤਰੀ ਦਾ ਸਰਬਤ ਸਿਹਤ ਬੀਮਾ ਯੋਜਨਾ ਦਾ ਕਾਰਡ ਜਰੂਰ ਬਣਾਇਆ ਜਾਵੇ।ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਇਹ ਯੋਗ ਲਾਭਪਾਤਰੀਆਂ ਲਈ ਬੇਹੱਦ ਫਾਇਦੇਮੰਦ ਯੋਜਨਾ ਹੈ ਅਤੇ ਇਸ ਯੋਜਨਾ ਦੇ ਤਹਿਤ ਰਜਿਸਟਰਡ ਪਰਿਵਾਰਾਂ ਦਾ 5 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਹੁੰਦਾ ਹੈ ਜੋ ਕਿ ਰਾਜ ਦੇ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦੇ ਰੂਪ ਵਿੱਚ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰਾਂ ਤੇ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਉਣ ਦੇ ਨਾਲ ਇਸ ਯੋਜਨਾ ਬਾਰੇ ਜਾਗਰੂਕਤਾ ਫੈਲਾਉਣ ਤਾਂ ਜੋ ਵੱਧ ਤੋਂ ਵੱਧ ਲੋੜਵੰਦਾਂ ਦੇ ਈ ਕਾਰਡ ਬਣਵਾਏ ਜਾ ਸਕਣ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੰਪਨੀ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਈ-ਕਾਰਡ ਬਣਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰਾਂ ਦੀ ਮਾਰਕਿਟ ਕਮੇਟੀਆਂ ਵਿੱਚ ਵੀ ਇਹ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਦੇ ਕਾਮਨ ਸਰਵਿਸ ਕੇਂਦਰਾਂ ਤੋਂ ਵੀ ਇਹ ਈ-ਕਾਰਡ ਬਣਾਏ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਕੋਈ ਵੀ ਯੋਗ ਬਿਨੇਕਾਰ ਆਪਣੇ ਦਸਤਾਵੇਜ਼ ਲਿਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ ਜਿਸ ਤਹਿਤ ਸਮਾਰਟ ਰਾਸ਼ਨ ਕਾਰਡ ਧਾਰਕ ਲਾਭਪਾਤਰੀ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਛੋਟੇ ਵਪਾਰੀ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਜਾਂ ਪੈਨ ਕਾਰਡ, ਜੇ ਫਾਰਮ ਧਾਰਕ ਅਤੇ ਛੋਟੇ ਕਿਸਾਨ ਆਪਣੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ, ਉਸਾਰੀ ਭਲਾਈ ਬੋਰਡ ਅਧੀਨ ਰਜਿਸਟਰਡ ਮਜ਼ਦੂਰ ਆਪਣੇ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਰਜਿਸਟਰੇਸ਼ਨ ਕਾਰਡ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਸਾਹਿਬਾਨ ਆਪਣੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਜਾਂ ਪੀਲਾ ਸ਼ਨਾਖਤੀ ਕਾਰਡ ਲੈ ਕੇ ਆਪਣੇ ਈ ਕਾਰਡ ਬਣਾਉਣ ਲਈ ਨੇੜਲੀ ਮਾਰਕਿਟ ਕਮੇਟੀ ਵਿੱਚ ਕਿਸੇ ਵੀ ਕੰਮਕਾਜ ਵਾਲੇ ਦਿਨ ਪਹੁੰਚ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਕੰਪਨੀ ਦੇ ਨੁਮਾਇੰਦੇ ਮਹਿਜ਼ 30 ਰੁਪਏ ਫੀਸ ਲੈ ਕੇ ਈ ਕਾਰਡ ਬਣਾਉਣ ਦੀ ਸੁਵਿਧਾ ਉਪਲੱਬਧ ਕਰਵਾ ਰਹੇ ਹਨ।
COMMENTS