ਬਟਾਲਾ, 23 ਜੂਨ ( ਨੀਰਜ ਸ਼ਰਮਾ, ਜਸਬੀਰ ਸਿੰਘ, ਬਲਵੰਤ ਸਿੰਘ ਭਗਤ) - ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ (ਸ਼ੈਰੀ ਕਲਸੀ) ਅੱਜ ਹਲਕੇ ਦੇ ਪਿੰਡ ਬੁਢਾਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਆਪਣੀ ਜਿੱਤ ਲਈ ਪ੍ਰਮਾਤਮਾ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਸੰਗਤ ਦਾ ਧੰਨਵਾਦ ਕਰਦਿਆਂ ਵਿਧਾਇਕ ਸ਼੍ਰੀ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਜੇਕਰ ਅੱਜ ਵਿਧਾਇਕ ਹਨ ਤਾਂ ਇਸ ਵਿੱਚ ਪ੍ਰਮਾਤਮਾ ਦੀ ਮੇਹਰ ਅਤੇ ਵੋਟਰਾਂ ਦਾ ਪਿਆਰ ਹੈ। ਉਨ੍ਹਾਂ ਕਿਹਾ ਕਿ ਉਹ ਇਸ ਅਹਿਸਾਨ ਦਾ ਬਦਲਾ ਇਲਾਕੇ ਦਾ ਵਿਕਾਸ ਕਰਾ ਪੂਰਾ ਕਰਨ ਦਾ ਯਤਨ ਕਰਨਗੇ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਸੂਬਾ ਪੰਜਾਬ ਅੱਗੇ ਜਾਣ ਦੀ ਬਜਾਏ ਪਿੱਛੇ ਵੱਲ ਨੂੰ ਹੀ ਗਿਆ ਹੈ ਜਿਸ ਲਈ ਸਭ ਤੋਂ ਵੱਧ ਦੋਸ਼ੀ 75 ਸਾਲ ਰਾਜ ਕਰਨ ਵਾਲੀਆਂ ਰਿਵਾਇਤੀ ਪਾਰਟੀਆਂ ਦੇ ਹੁਕਮਰਾਨ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਂਦਾ ਹੈ ਅਤੇ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਅਤੇ ਆਸਾਂ ’ਤੇ ਖਰ੍ਹਾ ਜਰੂਰ ਉਤਰੇਗੀ। ਉਨ੍ਹਾਂ ਕਿਹਾ ਕਿ ਹੁਣ ਭ੍ਰਿਸ਼ਟਾਚਾਰ ਨੂੰ ਬਿਲਕੁਲ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਰਾਜ ਸਰਕਾਰ ਵੱਲੋਂ ਭ੍ਰਿਸ਼ਾਟਾਚਾਰ ਵਿਰੋਧੀ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਬੁੱਢਾ ਕੋਟ ਪਿੰਡ ਦੀਆਂ ਵੀ ਜੋ ਮੁਸ਼ਕਲਾਂ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਪਿੰਡ ਬੁੱਢਾ ਕੋਟ ਦੇ ਵਸਨੀਕਾਂ ਨੇ ਵਿਧਾਇਕ ਸ਼ੈਰੀ ਕਲਸੀ ਦਾ ਸਨਮਾਨ ਵੀ ਕੀਤਾ।

COMMENTS